ਨਵੀਂ ਦਿੱਲੀ: MAJOR TIMES
ਭਾਰਤ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਤਿਰੰਗਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਹ ਲਗਾਤਾਰ 13ਵੀਂ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਉਹ ਲਗਾਤਾਰ ਸਭ ਤੋਂ ਵੱਧ ਆਜ਼ਾਦੀ ਦਿਵਸ ਭਾਸ਼ਣ ਦੇਣ ਵਾਲੇ ਪ੍ਰਧਾਨ ਮੰਤਰੀਆਂ ਦੀ ਸੂਚੀ ਵਿੱਚ ਇੰਦਰਾ ਗਾਂਧੀ ਤੋਂ ਅੱਗੇ ਨਿਕਲ ਗਏ ਹਨ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਮਾਮਲੇ ਵਿੱਚ ਅਜੇ ਵੀ ਸਭ ਤੋਂ ਅੱਗੇ ਹਨ। ਨਹਿਰੂ ਨੇ 1947 ਤੋਂ 1963 ਤੱਕ ਲਗਾਤਾਰ 17 ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਸੀ। ਇੰਦਰਾ ਗਾਂਧੀ ਨੇ 1966 ਤੋਂ 1976 ਤੱਕ ਲਗਾਤਾਰ 11 ਵਾਰ ਆਜ਼ਾਦੀ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕੀਤਾ ਸੀ।
21 ਤੋਪਾਂ ਦੀ ਸਲਾਮੀ ਨਾਲ ਲਹਿਰਾਇਆ ਤਿਰੰਗਾ
ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਲ ਕਿਲ੍ਹੇ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਇਸ ਮੌਕੇ ਭਾਰਤੀ ਫੌਜ ਵੱਲੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਆਪਣਾ ਸੰਬੋਧਨ ਦਿੱਤਾ।
ਆਤਮਨਿਰਭਰ ਭਾਰਤ ’ਤੇ ਦਿੱਤਾ ਜ਼ੋਰ
ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਤਮਨਿਰਭਰ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਦੂਜੇ ਦੇਸ਼ਾਂ ’ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ। ਉਨ੍ਹਾਂ ਨੇ ‘ਮੇਕ ਇਨ ਇੰਡੀਆ’, ‘ਸਵਦੇਸ਼ੀ’ ਅਤੇ ‘ਵੋਕਲ ਫਾਰ ਲੋਕਲ’ ਵਰਗੀਆਂ ਮੁਹਿੰਮਾਂ ਨੂੰ ਦੇਸ਼ ਦੀ ਆਤਮਨਿਰਭਰਤਾ ਨਾਲ ਜੋੜਿਆ।
70 ਤੋਂ 700 ਸ਼ਹਿਰਾਂ ਤੱਕ ਪਹੁੰਚੀ ਪਾਈਪ ਵਾਲੀ ਗੈਸ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਪਾਈਪ ਵਾਲੀ ਗੈਸ ਦੀ ਸਹੂਲਤ ਵਿੱਚ ਵੱਡਾ ਵਿਸਥਾਰ ਹੋਇਆ ਹੈ। ਉਨ੍ਹਾਂ ਮੁਤਾਬਕ ਜਿੱਥੇ ਪਹਿਲਾਂ ਸਿਰਫ਼ 70 ਸ਼ਹਿਰਾਂ ਵਿੱਚ ਪਾਈਪ ਗੈਸ ਉਪਲਬਧ ਸੀ, ਹੁਣ ਇਹ ਸਹੂਲਤ 700 ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ। ਦੇਸ਼ ਵਿੱਚ ਲਗਭਗ 1.75 ਕਰੋੜ ਘਰ ਪਾਈਪ ਵਾਲੀ ਗੈਸ ਨਾਲ ਜੁੜੇ ਹੋਏ ਹਨ।
ਦੇਸ਼ ਦੀ ਤਰੱਕੀ ਵਿੱਚ ਹਰ ਵਰਗ ਦਾ ਯੋਗਦਾਨ
ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਦੇਸ਼ ਦੀ ਤਰੱਕੀ ਲਈ ਸਮਾਜ ਦੇ ਹਰ ਵਰਗ ਨੇ ਆਪਣਾ ਯੋਗਦਾਨ ਪਾਇਆ ਹੈ। ਦਲਿਤ, ਆਦਿਵਾਸੀ, ਵੰਚਿਤ ਵਰਗ, ਪੇਂਡੂ ਅਤੇ ਸ਼ਹਿਰੀ ਲੋਕਾਂ ਤੋਂ ਲੈ ਕੇ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ ਅਤੇ ਪੁਰਸ਼ਾਂ ਤੱਕ ਹਰ ਕਿਸੇ ਨੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਯਤਨ ਕੀਤੇ ਹਨ।
ਡਿਫੈਂਸ ਪ੍ਰੋਡਕਸ਼ਨ ਅਤੇ ਇਲੈਕਟ੍ਰਾਨਿਕ ਮੈਨੂਫੈਕਚਰਿੰਗ ਵਿੱਚ ਵਾਧਾ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਉਤਪਾਦਨ ਖੇਤਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਡਿਫੈਂਸ ਪ੍ਰੋਡਕਸ਼ਨ ਵਿੱਚ ਚਾਰ ਗੁਣਾ, ਖਾਦੀ ਅਤੇ ਗ੍ਰਾਮ ਉਦਯੋਗ ਦੇ ਉਤਪਾਦਨ ਵਿੱਚ ਪੰਜ ਗੁਣਾ ਅਤੇ ਇਲੈਕਟ੍ਰਾਨਿਕ ਮੈਨੂਫੈਕਚਰਿੰਗ ਵਿੱਚ ਸੱਤ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਡਿਜੀਟਲ ਟਰਾਂਜੈਕਸ਼ਨਾਂ ਵਿੱਚ ਵੀ ਵੱਡੇ ਵਾਧੇ ਦਾ ਜ਼ਿਕਰ ਕੀਤਾ।
ਚਿਪ ਅਤੇ ਡਾਟਾ ਸੈਂਟਰਾਂ ਲਈ ਊਰਜਾ ਦੀ ਵੱਡੀ ਲੋੜ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਦੁਨੀਆ ਵਿੱਚ ਊਰਜਾ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ। ਚਿਪ ਨਿਰਮਾਣ ਅਤੇ ਡਾਟਾ ਸੈਂਟਰਾਂ ਵਰਗੇ ਖੇਤਰਾਂ ਲਈ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਹੋਵੇਗੀ। ਇਸ ਲਈ ਭਾਰਤ ਨੇ ਊਰਜਾ ਖੇਤਰ ਨੂੰ ਮਜ਼ਬੂਤ ਕਰਨ ਵੱਲ ਕਈ ਕਦਮ ਚੁੱਕੇ ਹਨ।
ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਨੂੰ ਇਸ ਕੁਦਰਤੀ ਆਫ਼ਤ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਰਕਾਰ ਦੇ ਨਾਲ ਪੂਰਾ ਦੇਸ਼ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ।