ਨਵੀਂ ਦਿੱਲੀ, major times
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਲਈ 24 ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਪਾਰਟੀ ਵੱਲੋਂ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਨਵੀਂ ਸੂਚੀ ਵਿੱਚ ਸੂਬਾ ਜਨਰਲ ਸਕੱਤਰ (ਸੰਗਠਨ), ਸੰਯੁਕਤ ਜਨਰਲ ਸਕੱਤਰ (ਸੰਗਠਨ), ਕੌਮੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਅਤੇ ਸੰਗਠਕ ਵਰਗੇ ਅਹੁਦੇ ਸ਼ਾਮਲ ਹਨ। ਮੁੱਖ ਨਿਯੁਕਤੀਆਂ ਵਿੱਚ ਸ਼ਿਵਪ੍ਰਕਾਸ਼ ਨੂੰ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੋਆ ਦੀ ਸੰਗਠਨਾਤਮਕ ਜ਼ਿੰਮੇਵਾਰੀ ਦਿੱਤੀ ਗਈ ਹੈ। ਸੌਦਾਨ ਸਿੰਘ ਨੂੰ ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ਲਈ ਕੌਮੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ ਹੈ।ਮਹਾਰਾਸ਼ਟਰ ਵਿੱਚ ਅਜੈ ਜਾਮਵਾਲ ਨੂੰ ਸੂਬਾ ਜਨਰਲ ਸਕੱਤਰ (ਸੰਗਠਨ) ਅਤੇ ਸਤੀਸ਼ ਢੋਂਡ ਨੂੰ ਸੰਯੁਕਤ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਮਿਲੀ ਹੈ। ਇਸੇ ਤਰ੍ਹਾਂ ਮਧੁਕਰ ਨੂੰ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਰਵਿੰਦਰ ਰਾਜੂ ਨੂੰ ਅਸਾਮ ਤੇ ਤ੍ਰਿਪੁਰਾ ਅਤੇ ਭੀਖੂਭਾਈ ਦਲਸਾਣੀਆ ਨੂੰ ਬਿਹਾਰ ਦੀ ਸੰਗਠਨਾਤਮਕ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਨੇ ਮੰਤਰੀ ਸ੍ਰੀਨਿਵਾਸੁਲੂ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਸੂਬਾ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪਵਨ ਰਾਣਾ ਨੂੰ ਦਿੱਲੀ ਅਤੇ ਹਰਿਆਣਾ, ਧਰਮਪਾਲ ਨੂੰ ਉੱਤਰ ਪ੍ਰਦੇਸ਼ ਅਤੇ ਅਮਿਤਾਭ ਚਕਰਵਰਤੀ ਨੂੰ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਭਾਜਪਾ ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਨਵੇਂ ਇੰਚਾਰਜ ਅਤੇ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਸਨ। ਇਸ ਸੂਚੀ ਵਿੱਚ ਸਮ੍ਰਿਤੀ ਇਰਾਨੀ ਨੂੰ ਹਰਿਆਣਾ ਅਤੇ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਪੰਜਾਬ ਦੀ ਜ਼ਿੰਮੇਵਾਰੀ ਸਤੀਸ਼ ਪੂਨੀਆ ਨੂੰ ਦਿੱਤੀ ਗਈ ਹੈ। ਲਗਾਤਾਰ ਸੰਗਠਨਾਤਮਕ ਤਬਦੀਲੀਆਂ ਨਾਲ ਭਾਜਪਾ ਨੇ ਕਈ ਸੂਬਿਆਂ ਵਿੱਚ ਆਪਣੀ ਸੰਗਠਨਾਤਮਕ ਟੀਮ ਦੀ ਨਵੀਂ ਤਾਇਨਾਤੀ ਕੀਤੀ ਹੈ।
