ਸਾਈਂ ਦਾਸ ਸਕੂਲ ਗਰਾਊਂਡ ’ਚ 102 ਫੁੱਟ ਉੱਚੇ ਰਾਵਣ ਦਾ ਦਹਿਨ, ਵੱਖ-ਵੱਖ ਕਮੇਟੀਆਂ ਵੱਲੋਂ ਸ਼ੋਭਾ ਯਾਤਰਾਵਾਂ ਤੇ ਆਤਿਸ਼ਬਾਜ਼ੀ ਨਾਲ ਮਨਾਇਆ ਗਿਆ ਤਿਉਹਾਰ
ਜਲੰਧਰ। Major Times

ਜਲੰਧਰ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ 50 ਤੋਂ ਵੱਧ ਸਥਾਨਾਂ ’ਤੇ ਵੱਖ-ਵੱਖ ਦੁਸਹਿਰਾ ਕਮੇਟੀਆਂ ਵੱਲੋਂ ਸਮਾਗਮ ਕਰਵਾਏ ਗਏ। ਇਸ ਦੌਰਾਨ ਸ਼ੋਭਾ ਯਾਤਰਾਵਾਂ, ਆਤਿਸ਼ਬਾਜ਼ੀ ਅਤੇ ਸ੍ਰੀ ਰਾਮ ਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦੇ ਮੰਚਨ ਨੇ ਲੋਕਾਂ ਦਾ ਧਿਆਨ ਖਿੱਚਿਆ। ਸਮਾਗਮਾਂ ਦੇ ਅੰਤ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ। ਦੁਸਹਿਰਾ ਗਰਾਊਂਡਾਂ ਵਿੱਚ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ।
ਸਾਈਂ ਦਾਸ ਸਕੂਲ ਗਰਾਊਂਡ, ਇੰਡਸਟਰੀ ਏਰੀਆ, ਆਦਰਸ਼ ਨਗਰ ਪਾਰਕ ਅਤੇ ਨੇਤਾ ਜੀ ਪਾਰਕ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਸਮਾਗਮ ਦੇਖਣ ਪਹੁੰਚੇ। ਕਈ ਥਾਵਾਂ ’ਤੇ ਦੁਪਹਿਰ ਸਮੇਂ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ, ਜਿਨ੍ਹਾਂ ਦਾ ਸ਼ਰਧਾਲੂਆਂ ਵੱਲੋਂ ਸਵਾਗਤ ਕੀਤਾ ਗਿਆ।
ਸਾਈਂ ਦਾਸ ਸਕੂਲ ਗਰਾਊਂਡ ’ਚ 102 ਫੁੱਟ ਦੇ ਰਾਵਣ ਦਾ ਦਹਿਨ
ਸ੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ (ਰਜਿ.) ਵੱਲੋਂ ਸਾਈਂ ਦਾਸ ਸਕੂਲ ਗਰਾਊਂਡ ਵਿੱਚ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇੱਥੇ 102 ਫੁੱਟ ਉੱਚਾ ਰਾਵਣ ਦਾ ਪੁਤਲਾ ਸਥਾਪਤ ਕੀਤਾ ਗਿਆ ਸੀ, ਜਦਕਿ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਖਿੱਚ ਦਾ ਕੇਂਦਰ ਰਹੇ। ਇਸ ਵਾਰ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਲਈ ਨਸ਼ਿਆਂ ਦੇ ਪੁਤਲੇ ਦਾ ਵੀ ਦਹਿਨ ਕੀਤਾ ਗਿਆ।
ਕਮੇਟੀ ਦੇ ਆਜੀਵਨ ਪ੍ਰਧਾਨ ਤਰਸੇਮ ਕਪੂਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਕਈ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਜਲੰਧਰ ਦੇ ਮੇਅਰ ਵਿਨੀਤ ਧੀਰ, ਵਿਧਾਇਕ ਬਾਵਾ ਹੈਨਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਅਤੇ ਹੋਰ ਪ੍ਰਮੁੱਖ ਆਗੂ ਸ਼ਾਮਲ ਸਨ। ਕਮੇਟੀ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਸਮਾਗਮ ਦੌਰਾਨ ਮਹਿਮਾਨਾਂ ਨੇ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ। ਸ਼ਾਮ ਨੂੰ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਲੰਕਾ ਦਹਿਨ ਅਤੇ ਰਾਮ-ਰਾਵਣ ਯੁੱਧ ਦਾ ਮੰਚਨ ਹੋਇਆ। ਅੰਤ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।
ਨੌਹਰੀਆ ਬਾਜ਼ਾਰ ਰਾਮ ਲੀਲਾ ਕਮੇਟੀ ਨੇ ਮਨਾਇਆ 148ਵਾਂ ਦੁਸਹਿਰਾ

ਸ੍ਰੀ ਰਾਮ ਲੀਲਾ ਕਮੇਟੀ ਨੌਹਰੀਆ ਬਾਜ਼ਾਰ ਵੱਲੋਂ ਆਪਣਾ 148ਵਾਂ ਦੁਸਹਿਰਾ ਇੰਡਸਟਰੀ ਏਰੀਆ ਵਿੱਚ ਡਿਵੀਜ਼ਨ ਨੰਬਰ ਇੱਕ ਦੇ ਸਾਹਮਣੇ ਸਥਿਤ ਗਰਾਊਂਡ ਵਿੱਚ ਮਨਾਇਆ ਗਿਆ। ਇਸ ਮੌਕੇ 70 ਫੁੱਟ ਉੱਚੇ ਰਾਵਣ ਦੇ ਪੁਤਲੇ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦਾ ਵੀ ਦਹਿਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਪ੍ਰਾਚੀਨ ਸ੍ਰੀ ਰਾਮ ਲਲਾ ਮੰਦਰ, ਨੌਹਰੀਆ ਬਾਜ਼ਾਰ ਤੋਂ ਸਜਾਈ ਗਈ ਸ਼ੋਭਾ ਯਾਤਰਾ ਨਾਲ ਹੋਈ। ਵੱਖ-ਵੱਖ ਇਲਾਕਿਆਂ ਵਿੱਚੋਂ ਲੰਘੀ ਇਸ ਯਾਤਰਾ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ਸਮਾਗਮ ਵਿੱਚ ਮੇਅਰ ਵਿਨੀਤ ਧੀਰ, ਵਿਧਾਇਕ ਬਾਵਾ ਹੈਨਰੀ, ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ, ਸ੍ਰੀ ਦੇਵੀ ਤਾਲਾਬ ਮੰਦਰ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਲਗਵਾਈ।
ਰਾਮ ਅਤੇ ਰਾਵਣ ਦੀਆਂ ਸੈਨਾਵਾਂ ਵਿਚਕਾਰ ਯੁੱਧ ਦੇ ਮੰਚਨ ਤੋਂ ਬਾਅਦ ਤਿੰਨਾਂ ਪੁਤਲਿਆਂ ਦਾ ਦਹਿਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਨੰਦ ਲਾਲ ਸ਼ਰਮਾ, ਮਹਾਸਚਿਵ ਚੇਤਨ ਹਾਡਾ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
ਆਦਰਸ਼ ਨਗਰ ਪਾਰਕ ’ਚ ਉਪਕਾਰ ਦੁਸਹਿਰਾ ਕਮੇਟੀ ਦਾ ਸਮਾਗਮ

ਉਪਕਾਰ ਦੁਸਹਿਰਾ ਕਮੇਟੀ ਵੱਲੋਂ ਆਦਰਸ਼ ਨਗਰ ਪਾਰਕ ਵਿੱਚ ਦੁਸਹਿਰਾ ਮਨਾਇਆ ਗਿਆ। ਇਸ ਮੌਕੇ ਬਾਬਾ ਬਾਲਕ ਨਾਥ ਮੰਦਰ, ਦਿਲਬਾਗ ਨਗਰ ਤੋਂ ਸ਼ੋਭਾ ਯਾਤਰਾ ਕੱਢੀ ਗਈ, ਜੋ ਬਸਤੀ ਗੁਜ਼ਾਂ ਮੰਦਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼ਹੀਦ ਕੰਵਰਜੀਤ ਸਿੰਘ ਪਾਰਕ, ਆਦਰਸ਼ ਨਗਰ ਚੌਪਾਟੀ ਵਿਖੇ ਪਹੁੰਚੀ।
ਇੱਥੇ ਆਤਿਸ਼ਬਾਜ਼ੀ ਅਤੇ ਰਾਮ-ਰਾਵਣ ਯੁੱਧ ਦੇ ਮੰਚਨ ਤੋਂ ਬਾਅਦ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਕਮੇਟੀ ਦੇ ਪ੍ਰਧਾਨ ਐਡਵੋਕੇਟ ਲਾਸੂ ਛਿੱਬਰ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਰਹੇ।
ਨੇਤਾ ਜੀ ਪਾਰਕ ਵਿੱਚ ਵੀ ਦੁਸਹਿਰਾ ਸਮਾਗਮ ਕਰਵਾਇਆ

ਮਾਸਟਰ ਤਾਰਾ ਸਿੰਘ ਨਗਰ ਸਥਿਤ ਨੇਤਾ ਜੀ ਪਾਰਕ ਵਿੱਚ ਸੇਵਾ ਸਮਿਤੀ ਨੇਤਾ ਜੀ ਪਾਰਕ ਵੱਲੋਂ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਤਿਉਹਾਰ ਦੇਖਣ ਪਹੁੰਚੇ। ਸਮਾਗਮ ਵਿੱਚ ਪੀ.ਸੀ.ਐੱਸ. ਅਧਿਕਾਰੀ ਰਾਜੀਵ ਵਰਮਾ, ਸਾਬਕਾ ਮੇਅਰ ਰਾਕੇਸ਼ ਰਾਠੌਰ, ਅਨਿਲ ਸੱਚਰ ਅਤੇ ਅਮਰਜੀਤ ਸਿੰਘ ਅਮਰੀ ਸਮੇਤ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਬ੍ਰਹਮਾ ਕੁੰਡ ਆਸ਼ਰਮ, ਕਿਸ਼ਨਪੁਰਾ ਰੋਡ, ਮਾਡਲ ਹਾਊਸ, ਬਸਤੀ ਸ਼ੇਖ, ਰੇਲਵੇ ਕੁਆਰਟਰ ਰੋਡ, ਛਾਉਣੀ ਦੁਸਹਿਰਾ ਗਰਾਊਂਡ, ਬਸਤੀ ਪੀਰ ਦਾਦ ਰੋਡ ਅਤੇ ਕੈਨਾਲ ਸਰਕਿਟ, ਕਪੂਰਥਲਾ ਰੋਡ ਸਮੇਤ ਕਈ ਹੋਰ ਸਥਾਨਾਂ ’ਤੇ ਵੀ ਦੁਸਹਿਰਾ ਮਨਾਇਆ ਗਿਆ। ਵੱਖ-ਵੱਖ ਸਮਾਗਮਾਂ ਰਾਹੀਂ ਲੋਕਾਂ ਨੂੰ ਸੱਚਾਈ, ਸਦਾਚਾਰ ਅਤੇ ਨੇਕੀ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ।
