ਜਲੰਧਰ Major Times

ਸੁਤੰਤਰਤਾ ਸੈਨਾਨੀ, ਦੇਸ਼ ਨਿਰਮਾਤਾ ਅਤੇ ਸਮਾਜ ਸੇਵਾ ਨੂੰ ਸਮਰਪਿਤ ਸਵਰਗੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਸਨਮਾਨ ਦਿੰਦਿਆਂ ਲਾਜਪਤ ਨਗਰ ਤੋਂ ਗੁਲਾਬ ਪਾਰਕ ਤੱਕ ਜਾਣ ਵਾਲੀ ਸੜਕ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ। ਸ਼ਨੀਵਾਰ ਨੂੰ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਅਜੀਤ ਗਰੁੱਪ ਆਫ਼ ਪਬਲੀਕੇਸ਼ਨਜ਼ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ, ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਜਲੰਧਰ ਕੇਂਦਰੀ ਤੋ ਆਪ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਇਸ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਖੰਨਾ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਸਵਰਗੀ ਮਹਾਰਾਜ ਕ੍ਰਿਸ਼ਨ ਖੰਨਾ ਇੱਕ ਸੱਚੇ ਕਰਮਯੋਗੀ ਸਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ। ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੇ ਮੁੜ ਵਸੇਬੇ ਅਤੇ ਭਲਾਈ ਲਈ ਵੀ ਉਨ੍ਹਾਂ ਨੇ ਪੂਰੀ ਲਗਨ ਨਾਲ ਕੰਮ ਕੀਤਾ। ਉਹ ਹਮੇਸ਼ਾ ਲੋਕ ਭਲਾਈ, ਸ਼ਹਿਰ ਦੇ ਵਿਕਾਸ ਅਤੇ ਪ੍ਰਸ਼ਾਸਨ ਨਾਲ ਜੁੜੇ ਮਾਮਲਿਆਂ ਵਿੱਚ ਸਰਗਰਮ ਰਹਿੰਦੇ ਸਨ।
ਮੇਅਰ ਵਿਨੀਤ ਧੀਰ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਮਹਾਰਾਜ ਕ੍ਰਿਸ਼ਨ ਖੰਨਾ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਵਜੋਂ ਮਹਾਰਾਜ ਕ੍ਰਿਸ਼ਨ ਖੰਨਾ ਨੇ ਸ਼ਹਿਰ ਦੀ ਯੋਜਨਾਬੰਦੀ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਇੱਕ ਸੱਚੇ ਸਨਾਤਨੀ ਹੋਣ ਦੇ ਨਾਤੇ ਉਨ੍ਹਾਂ ਨੇ ਪੰਜਾਬ ਭਰ ਵਿੱਚ ਹਿੰਦੂ ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਪ੍ਰਚਾਰ, ਸੰਭਾਲ ਅਤੇ ਪ੍ਰਸਾਰ ਲਈ ਵੀ ਮਹੱਤਵਪੂਰਨ ਕੰਮ ਕੀਤਾ।
ਸਵਰਗੀ ਮਹਾਰਾਜ ਕ੍ਰਿਸ਼ਨ ਖੰਨਾ ਦੇ ਪੁੱਤਰ ਅਤੇ ਸੀਨੀਅਰ ਪੱਤਰਕਾਰ ਇਰਵਿਨ ਖੰਨਾ ਨੇ ਆਪਣੇ ਪਿਤਾ ਦੇ ਨਾਂ ’ਤੇ ਸੜਕ ਦਾ ਨਾਂ ਰੱਖਣ ਲਈ ਮੇਅਰ ਅਤੇ ਨਗਰ ਨਿਗਮ ਜਲੰਧਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਿਤਾ ਵੱਲੋਂ ਸਮਾਜ ਲਈ ਕੀਤੇ ਗਏ ਜੀਵਨ ਭਰ ਦੇ ਕੰਮਾਂ ਲਈ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ।
12 ਜਨਵਰੀ, 1925 ਨੂੰ ਪਾਕਿਸਤਾਨ ਦੇ ਚਿਨਿਓਟ ਵਿੱਚ ਜਨਮੇ ਮਹਾਰਾਜ ਕ੍ਰਿਸ਼ਨ ਖੰਨਾ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਗਏ ਅਤੇ ਉਨ੍ਹਾਂ ਨੇ ਆਪਣਾ ਜੀਵਨ ਉੱਜੜ ਕੇ ਆਏ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਭਲਾਈ ਲਈ ਸਮਰਪਿਤ ਕਰ ਦਿੱਤਾ। ਮੁੜ ਵਸੇਬਾ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਨੇ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਮਕਾਨ ਅਲਾਟ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਨੇ ਉੱਤਰੀ ਰੇਲਵੇ ਦੀ ਨਿਰੀਖਣ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ। 1962 ਦੀ ਭਾਰਤ-ਚੀਨ ਜੰਗ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਉਹ ਸਿਵਲ ਡਿਫੈਂਸ ਕਮੇਟੀ ਦੇ ਮੈਂਬਰ ਰਹੇ। ਪੰਜਾਬ ਸਨਾਤਨ ਧਰਮ ਕਮੇਟੀ ਦੇ ਮੀਤ ਪ੍ਰਧਾਨ ਵਜੋਂ ਉਨ੍ਹਾਂ ਨੇ ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਅਤੇ ਪ੍ਰਚਾਰ ਲਈ ਕੰਮ ਕੀਤਾ। 19 ਜਨਵਰੀ, 2009 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜੀਵਨ ਦੇਸ਼ ਭਗਤੀ, ਸਮਾਜ ਸੇਵਾ ਅਤੇ ਲੋਕ ਭਲਾਈ ਦੀ ਇੱਕ ਪ੍ਰੇਰਨਾਦਾਇਕ ਮਿਸਾਲ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਰਾਕੇਸ਼ ਖੰਨਾ, ਵੀਨੂ ਖੰਨਾ, ਸਰਿਤਾ ਖੰਨਾ, ਰੇਣੂ ਮਹਿੰਦਰੂ, ਅਜੀਤ ਮਹਿੰਦਰੂ, ਪੁਨੀਤ ਖੰਨਾ, ਰਿਤਿਨ ਖੰਨਾ, ਰੁਬੀਨਾ ਖੰਨਾ, ਮਨਪ੍ਰੀਤ ਖੰਨਾ, ਨਿਧੀ ਨੰਦਾ, ਕਨਵ ਨੰਦਾ, ਸ਼ੁਭ੍ਰਿਤ ਗਿੱਲ, ਅਨੂਪ ਗਿੱਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
