ਕਈ ਟਰੇਨਾਂ ਰੱਦ ਤੇ ਕਈ ਦੇ ਬਦਲਣਗੇ ਰੂਟ

20 ਨਵੰਬਰ 2026 ਤੋਂ 10 ਜਨਵਰੀ 2027 ਤੱਕ ਯਾਤਰੀਆਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ, ਰੇਲਵੇ ਵੱਲੋਂ ਯਾਤਰਾ ਤੋਂ ਪਹਿਲਾਂ ਜਾਣਕਾਰੀ ਲੈਣ ਦੀ ਸਲਾਹ
ਫਿਰੋਜ਼ਪੁਰ/ਲੁਧਿਆਣਾ Major Times
: ਲੁਧਿਆਣਾ ਰੇਲਵੇ ਸਟੇਸ਼ਨ ’ਤੇ ਰੇਲਵੇ ਲਾਈਨਾਂ ਦੇ ਦੋਹਰੀਕਰਨ ਨਾਲ ਸਬੰਧਤ ਨਾਨ-ਇੰਟਰਲੌਕਿੰਗ ਦਾ ਕੰਮ ਸ਼ੁਰੂ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਕੰਮ ਦੇ ਚੱਲਦਿਆਂ 20 ਨਵੰਬਰ 2026 ਤੋਂ 10 ਜਨਵਰੀ 2027 ਤੱਕ ਕਈ ਰੇਲਗੱਡੀਆਂ ਵੱਖ-ਵੱਖ ਮਿਤੀਆਂ ’ਤੇ ਰੱਦ ਕੀਤੀਆਂ ਜਾਣਗੀਆਂ, ਜਦਕਿ ਕਈ ਟਰੇਨਾਂ ਦੇ ਰੂਟ ਬਦਲੇ ਜਾਣਗੇ ਅਤੇ ਕੁਝ ਰੇਲਗੱਡੀਆਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ।
ਇਹ ਕੰਮ ਲੁਧਿਆਣਾ-ਫ਼ਿਰੋਜ਼ਪੁਰ ਕੈਂਟ ਅਤੇ ਲੁਧਿਆਣਾ-ਧੂਰੀ ਰੇਲ ਸੈਕਸ਼ਨਾਂ ’ਤੇ ਕੀਤਾ ਜਾਣਾ ਹੈ। ਇਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਇਲਾਵਾ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਰੇਲਗੱਡੀਆਂ ਦੀ ਸਥਿਤੀ ਦੀ ਜਾਂਚ ਕਰਨੀ ਪਵੇਗੀ।
ਇਹ ਰੇਲਗੱਡੀਆਂ ਵੱਖ-ਵੱਖ ਮਿਤੀਆਂ ’ਤੇ ਰਹਿਣਗੀਆਂ ਰੱਦ
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 54053/54054, 54051/54052, 54603/54604, 22479/22480, 22485/22486, 54605/54606, 54646, 54636/54635, 54634, 54631, 54632, 54633, 54645, 19027/19028, 22439/22440, 64521, 64551/64552, 64524, 12411/12412, 14506/14505, 14680/14679, 14681, 12054/12053 ਅਤੇ 14618/14617 ਸਮੇਤ ਕਈ ਰੇਲਗੱਡੀਆਂ ਵੱਖ-ਵੱਖ ਤਰੀਕਾਂ ’ਤੇ ਰੱਦ ਰਹਿਣਗੀਆਂ।
ਕਈ ਰੇਲਗੱਡੀਆਂ ਦੇ ਰੂਟ ਅਤੇ ਸ਼ੁਰੂਆਤੀ ਸਟੇਸ਼ਨ ਬਦਲਣਗੇ
ਨਾਨ-ਇੰਟਰਲੌਕਿੰਗ ਦੇ ਕੰਮ ਕਾਰਨ ਕੁਝ ਰੇਲਗੱਡੀਆਂ ਆਪਣੇ ਨਿਰਧਾਰਤ ਸਟੇਸ਼ਨ ਦੀ ਬਜਾਏ ਹੋਰ ਸਟੇਸ਼ਨਾਂ ਤੋਂ ਚੱਲਣਗੀਆਂ ਜਾਂ ਉੱਥੇ ਹੀ ਆਪਣੀ ਯਾਤਰਾ ਸਮਾਪਤ ਕਰਨਗੀਆਂ।
ਫ਼ਿਰੋਜ਼ਪੁਰ ਕੈਂਟ-ਲੁਧਿਆਣਾ ਰੂਟ ’ਤੇ ਚੱਲਣ ਵਾਲੀਆਂ ਰੇਲਗੱਡੀਆਂ ਨੰਬਰ 74962 ਅਤੇ 54572 ਮੁੱਲਾਂਪੁਰ ਤੱਕ ਹੀ ਚੱਲਣਗੀਆਂ। ਇਸੇ ਤਰ੍ਹਾਂ ਲੋਹੀਆਂ ਖਾਸ-ਲੁਧਿਆਣਾ ਰੇਲਗੱਡੀ ਨੰਬਰ 54576 ਲਾਡੋਵਾਲ ਅਤੇ ਰੇਲਗੱਡੀ ਨੰਬਰ 74966 ਫਿਲੌਰ ਤੱਕ ਹੀ ਜਾਵੇਗੀ।
ਜੀਂਦ-ਲੁਧਿਆਣਾ ਰੇਲਗੱਡੀ ਨੰਬਰ 54053 ਦੀ ਯਾਤਰਾ ਜਾਖਲ ਵਿਖੇ ਹੀ ਸਮਾਪਤ ਹੋਵੇਗੀ। ਦੂਜੇ ਪਾਸੇ ਲੁਧਿਆਣਾ ਤੋਂ ਫ਼ਿਰੋਜ਼ਪੁਰ ਕੈਂਟ ਜਾਣ ਵਾਲੀ ਰੇਲਗੱਡੀ ਨੰਬਰ 74963 ਮੁੱਲਾਂਪੁਰ ਤੋਂ, ਲੋਹੀਆਂ ਖਾਸ ਜਾਣ ਵਾਲੀ ਰੇਲਗੱਡੀ ਨੰਬਰ 74967 ਫਿਲੌਰ ਤੋਂ ਅਤੇ ਜੀਂਦ ਜਾਣ ਵਾਲੀ ਰੇਲਗੱਡੀ ਨੰਬਰ 54054 ਜਾਖਲ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ।
ਲੰਬੀ ਦੂਰੀ ਦੀਆਂ ਕਈ ਐਕਸਪ੍ਰੈੱਸ ਟਰੇਨਾਂ ਦੇ ਰੂਟ ਵੀ ਬਦਲਣਗੇ
ਇਸ ਕੰਮ ਦਾ ਅਸਰ ਲੰਬੀ ਦੂਰੀ ਦੀਆਂ ਕਈ ਮਹੱਤਵਪੂਰਨ ਰੇਲਗੱਡੀਆਂ ’ਤੇ ਵੀ ਪਵੇਗਾ। ਇਨ੍ਹਾਂ ਵਿੱਚ ਅੰਮ੍ਰਿਤਸਰ-ਬੀਕਾਨੇਰ (14720), ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ (11057), ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (11058), ਅਜਮੇਰ-ਅੰਮ੍ਰਿਤਸਰ (19611/19613), ਅੰਮ੍ਰਿਤਸਰ-ਅਜਮੇਰ (19612), ਜੰਮੂ ਤਵੀ-ਨਾਂਦੇੜ (12752), ਜੰਮੂ ਤਵੀ-ਬਾਂਦਰਾ (19028) ਅਤੇ ਇੰਦੌਰ-ਊਧਮਪੁਰ (22941) ਸ਼ਾਮਲ ਹਨ। ਇਨ੍ਹਾਂ ਰੇਲਗੱਡੀਆਂ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਇਆ ਜਾਵੇਗਾ।
ਅੰਮ੍ਰਿਤਸਰ ਤੋਂ ਚੱਲਣ ਵਾਲੀ ਟਰੇਨ ਦੇ ਸਮੇਂ ’ਚ ਵੀ ਤਬਦੀਲੀ
ਰੇਲਗੱਡੀ ਨੰਬਰ 11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਹੁਣ ਨਿਰਧਾਰਤ ਸਮੇਂ ਸਵੇਰੇ 8.50 ਵਜੇ ਦੀ ਬਜਾਏ ਸਵੇਰੇ 10.20 ਵਜੇ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਹੋਰ ਕਈ ਰੇਲਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ। ਕੁਝ ਟਰੇਨਾਂ ਨੂੰ ਰਸਤੇ ਵਿੱਚ 10 ਤੋਂ 60 ਮਿੰਟ ਤੱਕ ਰੋਕਿਆ ਵੀ ਜਾ ਸਕਦਾ ਹੈ।
ਯਾਤਰਾ ਤੋਂ ਪਹਿਲਾਂ ਰੇਲਗੱਡੀ ਦੀ ਸਥਿਤੀ ਜ਼ਰੂਰ ਜਾਂਚਣ ਯਾਤਰੀ
ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਰੇਲਗੱਡੀ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਨ, ਤਾਂ ਜੋ ਸਟੇਸ਼ਨ ’ਤੇ ਪਹੁੰਚ ਕੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਯਾਤਰੀ NTES ਐਪ ਜਾਂ ਵੈੱਬਸਾਈਟ ਰਾਹੀਂ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਰੇਲਵੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰਕੇ ਵੀ ਟਰੇਨਾਂ ਦੀ ਰਵਾਨਗੀ, ਰੱਦ ਹੋਣ ਅਤੇ ਰੂਟ ਵਿੱਚ ਤਬਦੀਲੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
