ਜਲੰਧਰ :
ਸ਼ਨਿਚਰਵਾਰ ਨੂੰ ਨਹਾਉਣ ਖਾਣ ਦੀ ਰਸਮ ਨਾਲ ਆਸਥਾ ਦਾ ਤਿਉਹਾਰ ਛਠ ਪੂਜਾ ਦੀ ਸ਼ੁਰੂਆਤ ਹੋ ਗਈ ਹੈ। ਇਸ ਕਰਮ ’ਚ ਛਠ ਵਰਤ ਰੱਖਣ ਵਾਲਿਆਂ ਨੇ ਘਰ ਦੀ ਸਫਾਈ ਕਰਕੇ ਘਰ ’ਚ ਮੰਦਰ ਸਜਾ ਕੇ ਪੂਜਾ ਅਰਚਨਾ ਸ਼ੁਰੂ ਕੀਤੀ। ਇਸੇ ਦੌਰਾਨ ਛਠ ਪੂਜਾ ਨੂੰ ਲੈ ਕੇ ਸ਼ਹਿਰ ਦੇ ਕਈ ਥਾਵਾਂ ’ਤੇ ਬਣਾਏ ਗਏ ਅਸਥਾਈ ਘਾਟਾਂ ’ਤੇ ਦਿਨ ਭਰ ਖਰੀਦਦਾਰੀ ਦਾ ਦੌਰ ਚੱਲਦਾ ਰਿਹਾ। ਇਸ ’ਚ ਛਠ ਵਰਤੀਆਂ ਨੇ ਪੂਜਾ ਸਮੱਗਰੀ ਲਈ ਵੱਖ-ਵੱਖ ਕਿਸਮ ਦੇ ਸਾਮਾਨ ਦੀ ਖਰੀਦਦਾਰੀ ਕੀਤੀ। ਸ਼੍ਰੀ ਛਠ ਪੂਜਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ’ਚ ਵਿਕਸਿਤ ਕੀਤੇ ਛਠ ਘਾਟਾਂ ਤੋਂ ਇਲਾਵਾ ਕਈ ਥਾਵਾਂ ’ਤੇ ਛਠ ਵਰਤ ਕਰਨ ਵਾਲਿਆਂ ਨੇ ਸਾਂਝੇ ਤੌਰ ’ਤੇ ਵੀ ਘਾਟ ਤਿਆਰ ਕੀਤੇ ਹਨ, ਜਿੱਥੇ 27 ਅਕਤੂਬਰ ਨੂੰ ਅਸਤ ਹੋਣ ਵਾਲੇ ਤੇ 28 ਅਕਤੂਬਰ ਨੂੰ ਉੱਗਣ ਵਾਲੇ ਸੂਰਜ ਨੂੰ ਅਰਘ ਦਿੱਤਾ ਜਾਵੇਗਾ। ਭਗਵਾਨ ਸੂਰਜ ਦੀ ਪੂਜਾ ਨੂੰ ਸਮਰਪਿਤ ਤੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਲਈ ਚਾਰ ਦਿਨਾਂ ਤੱਕ ਚਲਣ ਵਾਲੇ ਇਸ ਛਠ ਵਰਤ ਦੀ ਸ਼ੁਰੂਆਤ ਪਹਿਲੇ ਦਿਨ ਨਹਾਉਣ ਖਾਣ ਦੀ ਰਸਮ ਨਾਲ ਹੋਈ। ਵਰਤ ਰੱਖਣ ਵਾਲਿਆਂ ਨੇ ਅਰਵਾ ਚੌਲ ਤੇ ਮਾਂਹ ਦੀ ਦਾਲ ਤਿਆਰ ਕੀਤੀ। ਇਸ ਬਾਰੇ ਸ਼੍ਰੀ ਛਠ ਪੂਜਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਪੰਡਿਤ ਏਕੇ ਮਿਸ਼ਰਾ ਨੇ ਦੱਸਿਆ ਕਿ ਮਾਂਹ ਦੀ ਦਾਲ ਬਿਨਾਂ ਨਮਕ ਤੇ ਬਿਨਾਂ ਲਸਣ-ਪਿਆਜ਼ ਦੇ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਸੇਵਨ ਛਠ ਵਰਤ ਰੱਖਣ ਵਾਲੇ ਪਰਿਵਾਰ ਸਮੇਤ ਕਰਦੇ ਹਨ।
ਸ਼ਹਿਰ ’ਚ ਛਠ ਪੂਜਾ ਨੂੰ ਲੈ ਕੇ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ, ਇੰਡਸਟਰੀਅਲ ਏਰੀਆ ਕਾਲੀ ਮਾਤਾ ਮੰਦਰ ਰੋਡ, ਫੋਕਲ ਪੁਆਇੰਟ ਸਬਜ਼ੀ ਮੰਡੀ ਦੇ ਬਾਹਰ ਤੇ ਬਸਤੀ ਬਾਬਾ ਖੇਲ ਨਹਿਰ ਦੇ ਨੇੜੇ ਛਠ ਪੂਜਾ ਲਈ ਅਸਥਾਈ ਬਾਜ਼ਾਰ ਸਜੇ ਹੋਏ ਹਨ।

