ਨਵੀਂ ਦਿੱਲੀ, : 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਫਰੀਦਾਬਾਦ ’ਚ ਉੱਤਰ-ਖੇਤਰ ਕੌਂਸਲ (ਐੱਨਜੀਜ਼ੀਸੀ) ਦੀ 32ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ। ਕੌਂਸਲ ’ਚ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ, ਜੰਮੂ ਅਤੇ ਕਸ਼ਮੀਰ, ਲੱਦਾਖ, ਚੰਡੀਗੜ੍ਹ ਸ਼ਾਮਲ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ, ਦਿੱਲੀ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਪ-ਰਾਜਪਾਲਾਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਇਸ ਬੈਠਕ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਖੇਤਰੀ ਕੌਂਸਲ ’ਚ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਹੋਵੇਗੀ, ਜਿਸ ਵਿਚ ਔਰਤਾਂ ਅਤੇ ਬੱਚਿਆਂ ਦੇ ਖ਼ਿਲਾਫ਼ ਜਿਨਸੀ ਅਪਰਾਧਾਂ ਦੇ ਮਾਮਲਿਆਂ ਦੀ ਤੁਰੰਤ ਜਾਂਚ ਤੇ ਉਨ੍ਹਾਂ ਦੇ ਛੇਤੀ ਨਿਪਟਾਰੇ ਲਈ ‘ਫਾਸਟ ਟ੍ਰੈਕ ਵਿਸ਼ੇਸ਼ ਅਦਾਲਤਾਂ’ ਦਾ ਕਾਰਜ ਯੋਜਨਾ ਵੀ ਸ਼ਾਮਲ ਹੈ। ਬੈਠਕ ’ਚ ਸਿੱਖਿਆ, ਸਿਹਤ, ਬਿਜਲੀ, ਸ਼ਹਿਰੀ ਯੋਜਨਾ ਅਤੇ ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਵੇਗੀ।ਇਹ ਕੌਂਸਲ ਭਾਰਤ ਦੀਆਂ ਪੰਜ ਖੇਤਰੀ ਕੌਂਸਲਾਂ ’ਚੋਂ ਇਕ ਹੈ, ਜਿਸ ਨੂੰ ਰਾਜ ਪੁਨਰਗਠਨ ਐਕਟ ਤਹਿਤ ਸਥਾਪਿਤ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਇਸ ਕੌਂਸਲ ਦੇ ਪ੍ਰਧਾਨ ਹਨ।

