ਸ਼ਾਹਕੋਟ :
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਪਿੰਡ ਮੰਡਾਲਾ ਛੰਨਾ ਕੋਲ ਲੱਗ ਰਹੀ ਢਾਅ ਦਾ ਖਤਰਾ ਅਜੇ ਟਲਿਆ ਨਹੀਂ। ਦਰਿਆ ਦਾ ਪਾਣੀ ਘੱਟ ਹੋਣ ਦੇ ਬਾਵਜੂਦ ਵੀ ਦਰਿਆ ਦਾ ਬਦਲਿਆ ਹੋਇਆ ਤਿੱਖਾ ਵਹਿਣ ਧੁੱਸੀ ਬੰਨ੍ਹ ਨੂੰ ਜ਼ਬਰਦਸਤ ਢਾਅ ਲਾ ਰਿਹਾ ਹੈ। ਦਰਿਆ ਵੱਲੋਂ ਲਗਾਤਾਰ ਬੰਨ੍ਹ ਨੂੰ ਢਾਅ ਲਗਾਏ ਜਾਣ ਕਾਰਨ ਧੁੱਸੀ ਬੰਨ੍ਹ ਚੌੜਾਈ ’ਚ ਅੱਧਾ ਹੀ ਰਹਿ ਗਿਆ ਹੈ। ਇਹ ਢਾਅ ਲੱਗਦਿਆਂ ਨੂੰ ਤਿੰਨ ਹਫ਼ਤੇ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਵੀ ਖਤਰਾ ਘੱਟ ਨਹੀਂ ਹੋ ਰਿਹਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਧਵਾਰ ਸਵੇਰੇ ਮੰਡਾਲਾ ਛੰਨਾ ਦਾ ਦੌਰਾ ਕੀਤਾ। ਦੋ ਦਿਨ ਪਹਿਲਾ ਪਏ ਮੀਂਹ ਕਾਰਨ ਵੀ ਧੁੱਸੀ ਬੰਨ੍ਹ ਦਾ ਇਕ ਵੱਡਾ ਹਿੱਸਾ ਦਰਿਆ ਵੱਲ ਖਿਸਕ ਗਿਆ ਹੈ। ਉੱਥੇ ਲੋਕ ਦਰਿਆ ਵੱਲੋਂ ਲਾਈ ਜਾ ਰਹੀ ਢਾਅ ਕਾਰਨ ਡਾਢੇ ਚਿੰਤਤ ਦਿਖਾਈ ਦੇ ਰਹੇ ਸਨ।ਓਧਰ, ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਮੰਡਾਲਾ ਛੰਨਾ ’ਚ ਪੂਰੀ ਤਰ੍ਹਾਂ ਮੁਸ਼ਤੈਦ ਰਹਿਣ। ਸੰਤ ਸੀਚੇਵਾਲ ਨੇ ਦੱਸਿਆ ਕਿ ਲੋਕਾਂ ਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਸਾਂਝੇ ਯਤਨਾਂ ਸਦਕਾ ਮੰਡਾਲਾ ਛੰਨਾ ਦਾ ਧੁੱਸੀ ਬੰਨ੍ਹ ਬਚਿਆ ਹੋਇਆ ਹੈ। ਬੰਨ੍ਹ ਨੂੰ ਬਚਾਉਣ ਲਈ ਵੱਡੀ ਪੱਧਰ ’ਤੇ ਮਿੱਟੀ ਦੇ ਬੋਰਿਆ ਦੇ ਪਾਏ ਗਏ ਕਰੇਟ ਕਾਰਗਰ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਚਾਰ ਪਰਿਵਾਰਾਂ ਦੇ ਘਰ ਇਸ ਢਾਅ ਕਾਰਨ ਦਰਿਆ ’ਚ ਰੁੜ੍ਹ ਗਏ ਹਨ। ਇਨ੍ਹਾਂ ਪਰਿਵਾਰਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ। ਡਰੇਨੇਜ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਦਾਅਵਾ ਕੀਤਾ ਕਿ ਹਾਲ ਦੀ ਘੜੀ ਸਥਿਤੀ ਕੰਟਰੋਲ ’ਚ ਹੈ ਪਰ ਪਾਣੀ ਦਾ ਵਹਾਅ ਵੱਧਣ ਦੇ ਕਾਰਣ ਹਲਾਤ ਵਿਗੜੇ ਸਨ। ਹੁਣ ਡੈਮ ਤੋਂ ਪਾਣੀ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ।