ਲੁਧਿਆਣਾ : 
ਸਥਾਨਕ ਫੋਕਲ ਪੁਆਇੰਟ ਇਲਾਕੇ ਵਿਚ ਨਾਬਾਲਿਗਾ ਨੂੰ ਝਾਂਸੇ ਵਿਚ ਲੈ ਕੇ ਇਕ ਵਿਅਕਤੀ ਵੱਲੋਂ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਲੜਕੀ ਘਰ ਵਿਚ ਲੜਾਈ ਹੋਣ ਕਾਰਨ ਸੜਕ ਉੱਤੇ ਘੁੰਮ ਰਹੀ ਸੀ ਤਾਂ ਮੁਲਜ਼ਮ ਉਸ ਨੂੰ ਮਿਲਿਆ ਤੇ ਗੱਲਾਂ ਵਿਚ ਲਗਾ ਕੇ ਕਾਰਖ਼ਾਨੇ ਵਿਚ ਲੈ ਗਿਆ ਤੇ ਨਾਬਾਲਿਗਾ ਨਾਲ ਜਬਰ-ਜਨਾਹ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਉੱਤੇ ਮਨੋਜ ਕੁਮਾਰ ਨਾਂ ਦੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਕਰੀਬ 15 ਸਾਲਾ ਬੇਟੀ ਆਪਣੀ ਮਾਂ ਨਾਲ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਬਿਨ੍ਹਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਕੁੜੀ ਘਰ ਨਾ ਪਰਤੀ ਤਾਂ ਪਰਿਵਾਰ ਨੇ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਥਾਨਕ ਫੋਕਲ ਪੁਆਇੰਟ ਸਥਿਤ ਸਟੀਲ ਰੋਲਿੰਗ ਮਿਲ ਵਿੱਚੋਂ ਕੁੜੀ ਬੇਹੋਸ਼ੀ ਦੀ ਹਾਲਤ ਵਿਚ ਪਈ ਮਿਲੀ। ਪੀੜਤ ਲੜਕੀ ਨੇ ਹੋਸ਼ ਵਿਚ ਆਉਣ ਉੱਤੇ ਦੱਸਿਆ ਕਿ ਉਸ ਨੂੰ ਮਨੋਜ ਨਾਂ ਦਾ ਅਨਸਰ ਉਸ ਨੂੰ ਕਾਰਖ਼ਾਨੇ ਅੰਦਰ ਬਣੇ ਆਪਣੇ ਕਮਰੇ ਵਿਚ ਲੈ ਗਿਆ ਤੇ ਸਰੀਰਕ ਸਬੰਧ ਬਣਾਏ, ਜਦੋਂ ਉਸ ਨੇ ਜਾਨ ਬਚਾਉਣ ਲਈ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਧਮਕੀਆਂ ਦੇ ਕੇ ਮੂੰਹ ਬੰਦ ਕਰਵਾ ਦਿੱਤਾ। ਪੀੜਤਾ ਮੁਤਾਬਕ ਸਵੇਰੇ ਕਰੀਬ ਸਾਢੇ 4 ਵਜੇ ਉਸ ਨੇ ਮੌਕਾ ਵੇਖ ਕੇ ਫੈਕਟਰੀ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਡਿੱਗਦੇ ਹੀ ਉਸ ਦੇ ਕਾਫੀ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਈ। ਥਾਣਾ ਫੋਕਲ ਪੁਆਇੰਟ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਤੋਂ ਬਾਅਦ ਪੁਲਿਸ ਨੇ ਮਨੋਜ ਕੁਮਾਰ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਮੁਤਾਬਕ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

