ਜਲੰਧਰ :
ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਦਕੋਹਾ ਫਾਟਕ ਨੇੜੇ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਦਵਿੰਦਰ ਕੁਮਾਰ ਵਾਸੀ ਧੰਨੋਵਾਲੀ ਵਜੋਂ ਹੋਈ ਹੈ। ਪੁਲਿਸ ਨੇ ਉਸ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਰਿਮਾਂਡ ਤੇ ਲਿਆ ਗਿਆ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਸ ਨੇ ਗੈਰ-ਕਾਨੂੰਨੀ ਪਿਸਤੌਲ ਕਿੱਥੋਂ ਪ੍ਰਾਪਤ ਕੀਤਾ ਤੇ ਉਹ ਸ਼ਹਿਰ ’ਚ ਕਿਹੜਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। ਜਾਣਕਾਰੀ ਅਨੁਸਾਰ ਰਾਮਾ ਮੰਡੀ ਥਾਣੇ ਦੇ ਏਐੱਸਆਈ ਨਿਤਿਨ ਸ਼ਰਮਾ ਪੁਲਿਸ ਟੀਮ ਨਾਲ ਨਾਕਾਬੰਦੀ ਦੌਰਾਨ ਰਾਮਾ ਮੰਡੀ ਇਲਾਕੇ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਦਵਿੰਦਰ ਕੁਮਾਰ, ਦਕੋਹਾ ਫਾਟਕ ਨੇੜੇ ਘੁੰਮ ਰਿਹਾ ਹੈ, ਕੋਈ ਅਪਰਾਧ ਕਰਨ ਦਾ ਇਰਾਦਾ ਰੱਖਦਾ ਹੈ। ਇਸ ਤੋਂ ਬਾਅਦ ਏਐੱਸਆਈ ਨਿਤਿਨ ਕੁਮਾਰ ਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਲਾਸ਼ੀ ਦੌਰਾਨ ਇਕ .32 ਬੋਰ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਤੇ ਰਿਮਾਂਡ ਤੇ ਲੈ ਲਿਆ।