ਜਲੰਧਰ :
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਜਾਗ੍ਰਿਤੀ ਯਾਤਰਾ ਆਪਣੇ 40ਵੇਂ ਦਿਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਜਲੰਧਰ ਪਹੁੰਚੀ। ਜਾਗ੍ਰਿਤੀ ਯਾਤਰਾ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਦਾ ਸਵਾਗਤ ਕੀਤਾ। ਯਾਤਰਾ ’ਚ ਸ਼ਾਮਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪਵਿੱਤਰ ਯਾਤਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੁਰਬਾਨੀ, ਵਿਸ਼ਵਾਸ, ਏਕਤਾ ਤੇ ਭਾਈਚਾਰੇ ਦੇ ਅਮਰ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣਾ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਜਥੇਦਾਰ ਬਲਦੇਵ ਸਿੰਘ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਹਜ਼ੂਰੀ ਕਥਾ ਵਾਚਕ ਸਿੰਘ ਸਾਹਿਬ ਗਿਆਨੀ ਚਰਨਜੀਤ ਸਿੰਘ ਤੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਬਟਾਲਾ, ਬਿਆਸ ਤੇ ਕਰਤਾਰਪੁਰ ਦੀ ਯਾਤਰਾ ਕਰਦਾ ਹੋਇਆ ਜਲੰਧਰ ਵਿਚ ਪਹੁੰਚਿਆ। ਰਸਤੇ ’ਚ ਸ਼ਰਧਾਲੂਆਂ ਨੇ ਗੁਰੂ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਗੁਰਬਾਣੀ ਦਾ ਜਾਪ ਕੀਤਾ। ਜਾਗ੍ਰਿਤੀ ਯਾਤਰਾ ’ਚ ਰਾਗੀ ਜਥੇ, ਨਿਹੰਗ ਸਿੰਘ ਤੇ ਪੰਥਕ ਸੰਗਠਨ ਸ਼ਾਮਲ ਸਨ, ਜਿਨ੍ਹਾਂ ਨੇ ਧਾਰਮਿਕ ਝਾਕੀਆਂ ਪੇਸ਼ ਕੀਤੀਆਂ। ਜਾਗ੍ਰਿਤੀ ਯਾਤਰਾ ’ਚ ਸ਼ਾਮਲ ਪ੍ਰਬੰਧਕਾਂ ਨੇ ਦੱਸਿਆ ਕਿ ਜਾਗ੍ਰਿਤੀ ਯਾਤਰਾ ਨੂੰ 17 ਸਤੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਪ੍ਰਮੁੱਖ ਗੁਰਮਤਿ ਸ਼ਖ਼ਸੀਅਤਾਂ ਤੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਰਵਾਨਾ ਕੀਤਾ ਗਿਆ ਸੀ। ਯਾਤਰਾ ਦੌਰਾਨ ਜਾਗ੍ਰਿਤੀ ਯਾਤਰਾ ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਤੇ ਹਰਿਆਣਾ ’ਚੋਂ ਹੋ ਕੇ ਪੰਜਾਬ ’ਚ ਆਪਣੇ ਅੰਤਿਮ ਪੜਾਅ ’ਤੇ ਪਹੁੰਚਿਆ ਹੈ। ਇਹ ਵਿਸ਼ਾਲ ਜਾਗ੍ਰਿਤੀ ਯਾਤਰਾ 27 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਚਰਨਜੀਤ ਸਿੰਘ ਲਾਲੀ, ਈਸ਼ਰ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ, ਤੇਜਿੰਦਰ ਸਿੰਘ, ਸੰਦੀਪ ਸਿੰਘ ਚਾਵਲਾ, ਅਮਰਜੀਤ ਸਿੰਘ ਬਜਾਜ, ਰਜਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ ਉੱਜਵਲ ਸਿੰਘ, ਇੰਦਰਜੀਤ ਸਿੰਘ, ਲਵਲੀਨ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
ਸ਼ਸਤਰ ਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਕੀਤੇ ਗਏ ਸੁਸ਼ੋਭਿਤ
ਇਸ ਜਾਗ੍ਰਿਤੀ ਯਾਤਰਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਸੁਸ਼ੋਭਿਤ ਕੀਤੇ ਗਏ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਲਿਖਿਆ ਅਸਾਮ ਤੋਂ ਇੱਕ ਹੱਥ ਲਿਖਤ ਪੱਤਰ, ਜਿਸ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਵਸ ਮੌਕੇ ਪਟਨਾ ਸਾਹਿਬ ਦੀ ਸੰਗਤ ਨੂੰ ਵਧਾਈ ਦਿੱਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਰ ਸਿੱਖ ਜਿਸ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਜਿਸ ਸੰਗਤ ਨੇ ਸੇਵਾ ਕੀਤੀ ਤੇ ਜੋ ਵੀ ਸੇਵਾ ਕਰਦਾ ਹੈ, ਉਸ ਨੂੰ ਪ੍ਰਭੂ ਦੇ ਅਸਥਾਨ ’ਤੇ ਸਨਮਾਨਿਤ ਕੀਤਾ ਜਾਵੇਗਾ

