ਫਿਲੌਰ :
ਸ਼ਹੀਦ ਭਗਤ ਸਿੰਘ ਦੇ ਜਨਮ 118ਵੇਂ ਦਿਵਸ ਮੌਕੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ’ਚ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਆਪਣੇ ਅਸਲੀ ਹੀਰੋ ਭਗਤ ਸਿੰਘ ਨੂੰ ਯਾਦ ਕਰਦਿਆਂ ਫ਼ਿਰਕਾਪ੍ਰਸਤੀ, ਬੇਰੁਜਗਾਰੀ, ਨਸ਼ਿਆਂ, ਅਨਪੜ੍ਹਤਾਂ, ਦਲਿਤਾਂ ਤੇ ਔਰਤਾਂ ਉੱਪਰ ਹੋ ਰਹੇ ਅੱਤਿਆਚਾਰ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਜ਼ਿਕਰਯੋਗ ਹੈ ਕਿ ਇਹ ਰੈਲੀ ਫਿਲੌਰ ਤੋਂ ਆਰੰਭ ਹੋਈ, ਜਿਸ ‘ਚ ਮੁਕੰਦਪੁਰ ਤੋਂ ਕਾਫ਼ਲਾ ਹੋਰ ਵੱਡਾ ਹੁੰਦਾ ਗਿਆ। ਇਸ ਮੋਟਰਸਾਈਕਲ ਮਾਰਚ ਦੀ ਅਗਵਾਈ ਮੱਖਣ ਸੰਗਰਾਮੀ, ਸੁਨੀਲ ਭੈਣੀ, ਗਗਨਦੀਪ ਗੱਗਾ, ਓਂਕਾਰ ਬਿਰਦੀ ਨੇ ਕੀਤੀ। ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਭਗਵੰਤ ਮਾਨ ਸਰਕਾਰ ਹਰਾ ਪੈੱਨ ਚਲਾਉਣਾ ਭੁੱਲ ਗਈ ਹੈ। ਬੇਰੁਜ਼ਗਾਰੀ ਦੂਰ ਕਰਨ ਦਾ ਵਾਅਦਾ ਕਰ ਕੇ ਖਟਕੜ ਕਲਾਂ ਤੋਂ ਸਹੁੰ ਚੁੱਕਣ ਉਪਰੰਤ ਲੱਖਾਂ ਅਸਾਮੀਆਂ ਹਾਲੇ ਵੀ ਖਾਲੀ ਪਈਆਂ ਹਨ। ਪੰਜਾਬ ’ਚ ਸਿਰਫ਼ ਇਕ ਵਿਅਕਤੀ ਨੂੰ ਸਿਰਫ਼ ਡੇਢ ਸੌ ਰੁਪਏ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮਿਟਾਉਣ ਲਈ ਤਿੰਨ ਸਾਲ ਬਾਅਦ ਜਾਗਣ ’ਤੇ ਵੀ ਜਿੰਨੀ ਗਿਣਤੀ ਸਮਗਲਰ ਬਣਾ ਕੇ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਹੈ ਤਾਂ ਨਸ਼ੇ ’ਚ ਲੱਗੇ ਨੌਜਵਾਨ ਤਾਂ ਲੱਖਾਂ ’ਚ ਹੋਣਗੇ। ਰੰਗਲੇ ਪੰਜਾਬ ’ਚ ਹਰ ਰੋਜ਼ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸ ਮੌਕੇ ਪੀਐੱਸਐੱਫ ਦੇ ਆਗੂ ਰਵਿੰਦਰ ਰਵੀ ਨੇ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਜਿਕਰ ਕਰਦਿਆਂ ਕਿਹਾ ਕਿ ਸਰਕਾਰੀ ਵਿੱਦਿਆ ਦੇ ਤੰਤਰ ਨੂੰ ਜਾਣ ਬੁੱਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ। ਸੂਬਾ ਆਗੂ ਐਡਵੋਕੇਟ ਅਜੈ ਫ਼ਿਲੌਰ, ਗੁਰਦੀਪ ਗੋਗੀ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਤੇ ਭਗਤ ਸਿੰਘ ਵੱਲੋਂ ਸਾਮਰਾਜਵਾਦ ਖ਼ਿਲਾਫ਼ ਸੁਰੂ ਕੀਤੀ ਲੜਾਈ ਨੂੰ ਤੇਜ਼ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਨੀ ਜੱਸਲ, ਰਿੱਕੀ ਮਿਓਵੱਲ, ਓਂਕਾਰ ਬਿਰਦੀ, ਰਸ਼ਪਾਲ ਬਿਰਦੀ, ਪਾਰਸ ਫ਼ਿਲੌਰ, ਸੰਦੀਪ ਸਿੰਘ, ਤਰਜਿੰਦਰ ਧਾਲੀਵਾਲ, ਜਸਪ੍ਰੀਤ ਸਿੰਘ, ਰਮਨ ਸਿੰਘ, ਗੈਰੀ ਗਿੱਲ, ਐਡਵੋਕੇਟ ਬਲਦੇਵ ਸਾਹਨੀ ਆਦਿ ਨੌਜਵਾਨ ਹਾਜ਼ਰ ਸਨ।