ਅੰਮ੍ਰਿਤਸਰ :
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੇ 81ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਜਥੇਬੰਦੀ ਦੇ ਨੌਜਵਾਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਸਿੰਘ ਸਾਹਿਬ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਅਰਦਾਸ ਮੌਕੇ ਸਿੰਘ ਸਾਹਿਬ ਗ੍ਰੰਥੀ ਪਰਵਿੰਦਰਪਾਲ ਸਿੰਘ, ਦਮਦਮੀ ਟਕਸਾਲ ਤੋਂ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਅਤੇ ਫੈਡਰੇਸ਼ਨ ਦੇ ਸਰਪ੍ਰਸਤ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਫੈਡਰੇਸ਼ਨ ਆਗੂਆਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਦੇ ਉਦੇਸ਼ਾਂ, ਗੁਰਮਤਿ, ਸਿੱਖਿਆ, ਸਮਾਜ ਸੇਵਾ ਅਤੇ ਪੰਥਕ ਏਕਤਾ ਨੂੰ ਅੱਗੇ ਵਧਾਉਣ ਲਈ ਸਰਗਰਮ ਭੂਮਿਕਾ ਨਿਭਾਉਣ। ਇਸੇ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ 81ਵੇਂ ਸਥਾਪਨਾ ਦਿਵਸ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਫੈਡਰੇਸ਼ਨ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਅਜ਼ਾਦੀ ਦੇ ਦੌਰ ਅਤੇ ਉਸ ਤੋਂ ਬਾਅਦ ਵੀ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਅੱਜ ਜਥੇਬੰਦੀ ਜਿੱਥੇ ਹੜ੍ਹ ਮਾਰੇ ਇਲਾਕਿਆਂ ਦੀ ਮੁੜ ਉਸਾਰੀ ਲਈ ਅਰਦਾਸ ਕਰ ਰਹੀ ਹੈ, ਉਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਸਿਆਸੀ ਹਲਕਿਆਂ ਵਿਚ ਬਦਲਾਅ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਨੂੰ ਖ਼ਤਮ ਕਰਕੇ ਪੰਜਾਬ ਦੀ ਖੈਰ-ਖਵਾਹ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ, ਜਿਸ ਨਾਲ ਪੰਥ ਅਤੇ ਪੰਜਾਬ ਦੇ ਉਜਲੇ ਭਵਿੱਖ ਦੀ ਇਬਾਰਤ ਮੁੜ ਤੋਂ ਲਿਖੀ ਜਾਵੇ। ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਪਰਮਜੀਤ ਸਿੰਘ ਕਲਸੀ, ਗੁਰਨਾਮ ਸਿੰਘ ਸੈਦਾਂ ਰੁਹੇਲਾ, ਮੋਹਨ ਸਿੰਘ ਮੋਹਮੰਦੀਪੁਰ, ਹਿੰਮਤ ਸਿੰਘ ਰਾਜਾ,ਡਾ ਨਿਰਵੈਰ ਸਿੰਘ ਉਪਲ, ਗੁਰਵਿੰਦਰ ਸਿੰਘ ਖਹਿਰਾ, ਰਣਜੀਤ ਸਿੰਘ ਸੰਧੂ, ਪਰਮ ਸਿੰਘ ਨਵਾਂ ਸ਼ਹਿਰ, ਮਨਦੀਪ ਸਿੰਘ ਖੁਰਦ, ਗੁਰਚਰਨ ਸਿੰਘ ਲੰਮੇ, ਬਲਰਾਜ ਸਿੰਘ ਭੁੱਲਰ, ਮੋਹਨ ਸਿੰਘ ਹਵੇਲੀ, ਸੁਖਦੀਪ ਸਿੰਘ ਸਿੰਧਵਾਂ, ਰਵਿੰਦਰ ਸਿੰਘ, ਦਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਫੈਡਰੇਸ਼ਨ ਵਰਕਰ ਹਾਜ਼ਰ ਸਨ।