ਅੰਮ੍ਰਿਤਸਰ: 
ਇਸ ਅਸਥਾਨ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਪਾਤਸ਼ਾਹੀ ਨੌਂਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਸਥਿਤ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਵਰੋਸਾਈ ਧਰਤ-ਸੁਹਾਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਭੇਖੀਆਂ, ਭਰਮੀਆਂ, ਪਾਖੰਡੀਆਂ-ਗੁਰੂਆਂ ਦਾ ਭਰਮ ਗੜ੍ਹ ਤੋੜ ਕੇ, ਸਗਲ ਸ੍ਰਿਸ਼ਟ ਕੀ ਧਰਮ ਦੀ ਚਾਦਰ, ਹਿੰਦੂ ਧਰਮ ਦੀ ਹੋਂਦ ਨੂੰ ਬਚਾਉਣ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ, ਤੇਗ ਦੇ ਧਨੀ, ਤਿਆਗ ਦੀ ਸਾਕਾਰ ਮੂਰਤ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤਾਂ ਇਸ ਅਸਥਾਨ ਨੂੰ ਚਰਨ-ਛੋਹ ਬਖਸ਼ਿਸ਼ ਕਰਕੇ ਪਵਿੱਤਰਤਾ ਤੇ ਇਤਿਹਾਸਕ ਹੋਣ ਦਾ ਮਾਣ ਦਿੱਤਾ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਗੁਰਤਾ-ਗੱਦੀ ‘ਤੇ ਬਿਰਾਜਮਾਨ ਹੋਣ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਰਧਾ-ਸਤਿਕਾਰ ਭੇਟ ਕਰਨ ਵਾਸਤੇ ਬਾਬਾ ਬਕਾਲਾ ਸਾਹਿਬ ਤੋਂ ਸੰਮਤ 1721, 1664 ਈਸਵੀ ‘ਚ ਆਏ ਤਾਂ ਮਿਹਰਵਾਨ ਦੇ ਪੁੱਤਰ ਹਰਿ ਜੀ, ਸਮੇਂ ਦੇ ਮਸੰਦਾਂ ਤੇ ਪੁਜਾਰੀਆਂ ਨੇ ਦਰਸ਼ਨੀ ਦਰਵਾਜ਼ੇ ਦੇ ਕਵਾੜ ਬੰਦ ਕਰ ਦਿੱਤੇ। ਮੱਖਣ ਸ਼ਾਹ ਤੇ ਹੋਰ ਗੁਰੂ-ਘਰ ਦੇ ਪ੍ਰੇਮੀ ਗੁਰਸਿੱਖ ਗੁਰੂ ਜੀ ਦੇ ਨਾਲ ਸਨ। ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਅੰਮ੍ਰਿਤਸਰ ਸਰੋਵਰ ‘ਚ ਇਸ਼ਨਾਨ ਕਰਕੇ ਪਰਿਕਰਮਾਂ ‘ਚ ਸ੍ਰੀ ਹਰਿਮੰਦਰ ਸਾਹਿਬ ਨੂੰ ਨਤਮਸਤਕ ਹੋ ਕੇ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੱਥਾ ਟੇਕ ਇਸ ਅਸਥਾਨ ‘ਤੇ ਬਿਰਾਜਮਾਨ ਹੋਏ। ਇਹ ਅਸਥਾਨ ਸਿੱਖ-ਪ੍ਰਭੂਸੱਤਾ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁੱਲ ਨਜ਼ਦੀਕ ਹੈ। ਗੁਰੂ ਜੀ ਨੇ ਪੁਜਾਰੀਆਂ ਦੇ ਹਉਮੈ ਭਰੇ ਵਤੀਰੇ ਨੂੰ ਦੇਖ ਕੇ ਬਚਨ ਕੀਤਾ-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਸ ਅਸਥਾਨ ਬਿਰਾਜਮਾਨ ਹੋਏ ਸਨ, ਸ਼ਰਧਾਲੂ, ਸੰਗਤਾਂ ਅਤੇ ਪ੍ਰੇਮੀਆਂ ਨੇ ਇਸ ਅਸਥਾਨ ‘ਤੇ ਥੜ੍ਹਾ ਉਸਾਰ ਦਿੱਤਾ। ਕੁਝ ਸਮੇਂ ਬਾਅਦ ਥੜ੍ਹਾ ਸਾਹਿਬ ਵਾਲੇ ਅਸਥਾਨ ਤੇ ਭੋਰਾ ਸਾਹਿਬ, ਉਪਰਲੀ ਮੰਜਿਲ ਦੀ ਉਸਾਰੀ ਕੀਤੀ ਗਈ। ਸਮਾਂ ਪਾ ਕੇ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਰਵਾਇਆ ਗਿਆ। ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਵਿਖੇ ਪੁਰਾਤਨ ਬੇਰੀ ਸਾਹਿਬ ਵੀ ਮੌਜੂਦ ਹੈ, ਜਿਸ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਇਸ ਅਸਥਾਨ ‘ਤੇ ਦਰਸ਼ਨ ਕਰਕੇ ਜੀਵਨ ਸਫਲ ਕਰਦੀਆਂ ਹਨ।

