ਸੁਲਤਾਨਪੁਰ ਲੋਧੀ :
ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਪ੍ਰਸਿੱਧ ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਰਾਜ ਕੁੰਦਰਾ ਨੇ ਬੀਤੇ ਦਿਨ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਹੈ। ਇਸ ਉਪਰੰਤ ਰਾਜ ਕੁੰਦਰਾ ਨੇ ਸਿੱਖ ਮਰਿਆਦਾ ਮੁਤਾਬਕ ਪੱਗ ਬੰਨ੍ਹ ਕੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ’ਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਥੇ, ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਾਜ ਕੁੰਦਰਾ ਨੇ 15 ਮਿੰਟ ਤੱਕ ਸ਼ਬਦ ਕੀਰਤਨ ਸੁਣਿਆ। ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਰਾਜ ਕੁੰਦਰਾ ਨੇ ਕਿਹਾ ਕਿ ਕੁਦਰਤ ਨੇ ਪੰਜਾਬ ਵਾਸੀਆਂ ਤੇ ਜੋ ਕਹਿਰ ਢਾਹਿਆ ਹੈ, ਉਸ ਲਈ ਉਹ ਵਾਹਿਗੁਰੂ ਜੀ ਨੂੰ ਅਰਦਾਸ ਕਰਦੇ ਹਨ ਕਿ ਪ੍ਰਸ਼ਾਸਨ ਤੇ ਸਰਕਾਰ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ’ਚ ਮਦਦ ਕਰੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਪਸ਼ੂਆਂ ਸਬੰਧੀ ਨੁਕਸਾਨ ਹੋਇਆ ਹੈ, ਉਨ੍ਹਾਂ ਲਈ 100 ਮੱਝਾਂ ਮੁਹੱਈਆ ਕੀਤੀਆਂ ਜਾਣਗੀਆਂ, ਜਿਸ ’ਚ ਗੁਰਦੁਆਰਾ ਪ੍ਰਬੰਧਕਾਂ ਦੀ ਸਲਾਹ ਵੀ ਲਈ ਜਾਵੇਗੀ। ਇਸ ਮੌਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਹੈੱਡ ਗ੍ਰੰਥੀ ਭਾਜੀ ਹਰਜਿੰਦਰ ਸਿੰਘ, ਸਰਵਨ ਸਿੰਘ, ਕੰਵਲਨੈਨ ਸਿੰਘ ਜੱਜ, ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਸੰਧੂ, ਰੀਡਰ ਚਤਰ ਸਿੰਘ, ਡਾਇਰੈਕਟਰ ਰਾਕੇਸ਼ ਮਹਿਤਾ, ਕੌਂਸਲਰ ਹਰਜਿੰਦਰ ਸਿੰਘ, ਸਰਪੰਚ ਮੇਜਰ ਸਿੰਘ ਜੈਨਪੁਰ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਤੇ ਸੋਨੂ ਆਦਿ ਹਾਜ਼ਰ ਸਨ।