ਚੰਡੀਗੜ੍ਹ : 
‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਿਆਂ, ਸੱਚ ਅਤੇ ਗੁਰੂ ਸਾਹਿਬ ਨਾਲ ਖੜ੍ਹੇ ਹੋਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਧਾਮੀ ਨੇ ਖੁਦ ਮੰਨਿਆ ਕਿ ਉਨ੍ਹਾਂ ਨੂੰ ਅਕਾਲੀ ਦਲ ਦਾ ਸਿਪਾਹੀ ਹੋਣ ’ਤੇ ਮਾਣ ਹੈ ਪਰ ਜੇ ਉਹ ਗੁਰੂ ਸਾਹਿਬ ਦੇ ਸਿਪਾਹੀ ਹੁੰਦੇ ਤਾਂ ਬਿਹਤਰ ਹੁੰਦਾ।’ ਇਹ ਗੱਲ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਐਤਵਾਰ ਨੂੰ ਕਹੀ। ਉਨ੍ਹਾਂ ਧਾਮੀ ਦੇ ਇਸ ਦਾਅਵੇ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਕਿ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਦਰਜ ਐੱਫਆਈਆਰ ਨੂੰ ਸਵੀਕਾਰ ਨਹੀਂ ਕਰਦੀ ਅਤੇ ਉਸ ਨੂੰ ਪੁਲਿਸ ਦੀ ਲੋੜ ਨਹੀਂ ਹੈ। ਪੰਨੂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੁਮਰਾਹਕੁੰਨ ਹੈ। ਉਨ੍ਹਾਂ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਜੋ ਕਿ ਖੁਦ ਇਕ ਕਾਨੂੰਨ ਅਧੀਨ ਬਣੀ ਹੈ ਅਤੇ ਜਦੋਂ ਵੀ ਆਪਣਾ ਜਨਰਲ ਇਜਲਾਸ ਬੁਲਾਉਂਦੀ ਹੈ ਤਾਂ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਂਦੀ ਹੈ, ਇਹ ਕਿਵੇਂ ਦਾਅਵਾ ਕਰ ਸਕਦੀ ਹੈ ਕਿ ਉਸ ਨੂੰ ਐੱਫਆਈਆਰ ਜਾਂ ਪੁਲਿਸ ’ਤੇ ਭਰੋਸਾ ਨਹੀਂ ਹੈਪੰਨੂ ਨੇ ਕਈ ਉਦਾਹਰਣਾਂ ਦਿੱਤੀਆਂ ਜਿੱਥੇ ਸ਼੍ਰੋਮਣੀ ਕਮੇਟੀ ਨੇ ਖੁਦ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਨੂੰ ਐੱਫਆਈਆਰ ਦੀ ਲੋੜ ਹੁੰਦੀ ਹੈ ਤਾਂ ਉਹ ਸਵੀਕਾਰ ਕੀਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸਲ ਸਵਾਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਗਾਇਬ ਪਾਵਨ ਸਰੂਪ ਕਿੱਥੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਅੱਜ ਤੱਕ ਲੱਭਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਦਰਜ ਕੀਤੀਆਂ ਗਈਆਂ ਸਾਰੀਆਂ ਐੱਫਆਈਆਰਜ਼ ਦੇ ਵੇਰਵੇ ਵੀ ਜਨਤਕ ਕਰਨਗੇ। ਉਨ੍ਹਾਂ ਧਾਮੀ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ, ‘ਜਦੋਂ ਤੁਸੀਂ ਆਪਣੀ ਅਗਲੀ ਪ੍ਰੈੱਸ ਕਾਨਫਰੰਸ ਕਰਦੇ ਹੋ, ਤਾਂ ਇਕ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਦਿਓ। ਤੁਹਾਡੇ ਕੋਲ ਇੱਕ ਡਾਇਰੀ ਹੈ ਜਿਸ ਵਿੱਚ ਬੇਅਦਬੀ ਦੇ ਮਾਮਲਿਆਂ ਅਤੇ 328 ਗੁੰਮ ਹੋਏ ਪਾਵਨ ਸਰੂਪਾਂ ਦੇ ਵੇਰਵੇ ਹਨ। ਤੁਸੀਂ ਉਹ ਡਾਇਰੀ ਕਿਉਂ ਲੁਕੋਈ ਹੈ? ਕੀ ਤੁਹਾਡੀ ਪ੍ਰਧਾਨਗੀ ਉਸ ਡਾਇਰੀ ’ਤੇ ਨਿਰਭਰ ਕਰਦੀ ਹੈ?’ ਉਨ੍ਹਾਂ ਈਸ਼ਰ ਸਿੰਘ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਿਪੋਰਟ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਦੋਸ਼ੀ ਪਾਏ ਗਏ ਲੋਕਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਜਾਣੇ ਚਾਹੀਦੇ, ਕਿਉਂਕਿ ਉਨ੍ਹਾਂ ਦੀ ਵਰਤੋਂ ਜ਼ਿੰਮੇਵਾਰੀ ਤੋਂ ਬਚਣ ਅਤੇ ਹੇਠਲੇ ਅਧਿਕਾਰੀਆਂ ’ਤੇ ਦੋਸ਼ ਲਗਾਉਣ ਲਈ ਕੀਤੀ ਜਾਵੇਗੀ। ਇਸ ਦੇ ਬਾਵਜੂਦ ਧਾਮੀ ਨੇ ਰੂਪ ਸਿੰਘ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਬਕਾਏ ਦਾ ਨਿਪਟਾਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ। ਇਹ ਸਭ ਉਨ੍ਹਾਂ ਦੇ ਆਪਣੇ ਲੋਕਾਂ ਦੀ ਰੱਖਿਆ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਿਪੋਰਟ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਦਸ ਕਰੋੜ ਰੁਪਏ ਦੀ ਅਦਾਇਗੀ ਦਾ 75 ਪ੍ਰਤੀਸ਼ਤ ਐੱਸਐੱਸ ਕੋਹਲੀ ਤੋਂ ਵਸੂਲਿਆ ਜਾਣਾ ਚਾਹੀਦਾ ਹੈ, ਫਿਰ ਵੀ ਪਿਛਲੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਾਮੀ ਦਾਅਵਾ ਕਰਦੇ ਹਨ ਕਿ ਮਾਮਲਾ ਸਿੱਖ ਨਿਆਇਕ ਗੁਰਦੁਆਰਾ ਕਮਿਸ਼ਨ ਕੋਲ ਹੈ। ਉਸ ਕਮਿਸ਼ਨ ਨੇ ਪੰਜ ਸਾਲਾਂ ਵਿੱਚ ਕੀ ਕੀਤਾ ਹੈ? ਜਵਾਬ ਸਪੱਸ਼ਟ ਹੈ, ਕਿਉਂਕਿ ਤੁਹਾਡੀ ਪਾਰਟੀ ਦੇ ਨੇੜਲੇ ਲੋਕ ਉੱਥੇ ਬੈਠੇ ਹਨ। ਕਮਿਸ਼ਨ ਦਾ ਮੁਖੀ ਤੁਹਾਡੀ ਪਾਰਟੀ ਦੇ ਮੁੱਖ ਬੁਲਾਰੇ ਦਾ ਪਿਤਾ ਹੈ। ਉਨ੍ਹਾਂ ਕਿਹਾ ਕਿ ਕੋਹਲੀ ਹੁਣ ਐੱਸਆਈਟੀ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਹਰ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਗਾਇਬ ਪਾਵਨ ਸਰੂਪਾਂ ਮਾਮਲੇ ’ਚ ਮੁਲਜ਼ਮਾਂ ਦੇ ਮੋਬਾਈਲ ਜਾਂਚ ਰਹੀ ‘ਸਿਟ’
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਪਿਛਲੇ ਦੋ ਦਿਨਾਂ ਵਿੱਚ ਮੁਲਜ਼ਮਾਂ ਦੇ ਕੁੱਲ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਐੱਸਜੀਪੀਸੀ ਦੇ ਸਾਬਕਾ ਮੁੱਖ ਲੇਖਾਕਾਰ ਸਤਿੰਦਰ ਸਿੰਘ ਕੋਹਲੀ ਅਤੇ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਮ ਉਨ੍ਹਾਂ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨ, ਲੈਪਟਾਪ ਅਤੇ ਟੈਬਲੇਟਾਂ ਦੀ ਜਾਂਚ ਕਰ ਰਹੀ ਹੈ।

