ਮੁਜ਼ੱਫਰਪੁਰ: 
ਮਾਂ ਅਤੇ ਤਿੰਨ ਮਾਸੂਮ ਬੱਚਿਆਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਪੂਰੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ। ਸੋਮਵਾਰ ਨੂੰ ਚੰਦਵਾਰਾ ਘਾਟ ਪੁਲ ਦੇ ਹੇਠਾਂ ਬੂੜੀ ਗੰਡਕ ਨਦੀ ਦੇ ਕਿਨਾਰੇ ਔਰਤ ਅਤੇ ਤਿੰਨ ਬੱਚਿਆਂ ਦੀਆਂ ਬੱਝੀਆਂ ਹੋਈਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਟੀ ਐਸ.ਪੀ., ਐਸ.ਡੀ.ਪੀ.ਓ. ਟੂ ਵਿਨੀਤਾ ਸਿਨਹਾ ਅਤੇ ਥਾਣਾ ਮੁਖੀ ਰੋਹਨ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ। ਪਰਿਵਾਰ ਵਾਲਿਆਂ ਨੇ ਲਾਸ਼ਾਂ ਦੀ ਪਛਾਣ ਕਰਦਿਆਂ ਅਗਵਾ ਤੋਂ ਬਾਅਦ ਕਤਲ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਪਰਿਵਾਰ ਅਨੁਸਾਰ, 10 ਜਨਵਰੀ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਬਖਰੀ ਸਿਪਾਹਪੁਰ ਦੇ ਰਹਿਣ ਵਾਲੇ ਕ੍ਰਿਸ਼ਮੋਹਨ ਕੁਮਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਪੇਸ਼ੇ ਤੋਂ ਆਟੋ ਚਾਲਕ ਹਨ ਅਤੇ ਅਮਰਿੰਦਰ ਕੁਮਾਰ ਸਿੰਘ ਦੇ ਮਕਾਨ ਵਿੱਚ ਕਿਰਾਏ ‘ਤੇ ਰਹਿੰਦੇ ਹਨ। 10 ਜਨਵਰੀ ਦੀ ਸਵੇਰ ਕਰੀਬ ਪੰਜ ਵਜੇ ਉਹ ਆਟੋ ਚਲਾਉਣ ਗਿਆ ਸੀ। ਸ਼ਾਮ ਕਰੀਬ ਛੇ ਵਜੇ ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਮਮਤਾ ਕੁਮਾਰੀ ਆਪਣੇ ਤਿੰਨਾਂ ਬੱਚਿਆਂ ਨਾਲ ਕਰੀਬ 11 ਵਜੇ ਖਰੀਦਦਾਰੀ ਲਈ ਜ਼ੀਰੋ ਮਾਈਲ ਗਈ ਸੀ, ਪਰ ਵਾਪਸ ਨਹੀਂ ਪਰਤੀ। ਕਾਫੀ ਭਾਲ ਤੋਂ ਬਾਅਦ ਵੀ ਜਦੋਂ ਕੋਈ ਸੁਰਾਗ ਨਹੀਂ ਮਿਲਿਆ, ਤਾਂ 12 ਜਨਵਰੀ ਦੀ ਸਵੇਰ ਕਰੀਬ ਤਿੰਨ ਵਜੇ ਦੋ ਅਣਪਛਾਤੇ ਮੋਬਾਈਲ ਨੰਬਰਾਂ ਤੋਂ ਫੋਨ ਆਇਆ। ਫੋਨ ਕਰਨ ਵਾਲਿਆਂ ਨੇ ਪਰਿਵਾਰ ਨਾਲ ਗੱਲਬਾਤ ਦੌਰਾਨ ਕਬੂਲ ਕੀਤਾ ਕਿ ਔਰਤ ਅਤੇ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਪੁਲਿਸ ਨੂੰ ਸੂਚਨਾ ਦੇਣ ‘ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬਦਮਾਸ਼ਾਂ ਨੇ ਚਾਰਾਂ ਦਾ ਕਤਲ ਕਰਕੇ ਲਾਸ਼ਾਂ ਨਦੀ ਵਿੱਚ ਸੁੱਟ ਦਿੱਤੀਆਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਸਮੇਂ ਸਿਰ ਸਰਗਰਮ ਹੁੰਦੀ, ਤਾਂ ਸ਼ਾਇਦ ਇਸ ਵਹਿਸ਼ੀਆਨਾ ਵਾਰਦਾਤ ਨੂੰ ਰੋਕਿਆ ਜਾ ਸਕਦਾ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਗਵਾ, ਕਤਲ ਅਤੇ ਪੁਲਿਸ ਨੂੰ ਮਿਲੀ ਧਮਕੀ ਦੇ ਸਾਰੇ ਪਹਿਲੂਆਂ ਨੂੰ ਜੋੜ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫਤਾਰੀ ਕੀਤੀ ਜਾਵੇਗੀ।

