ਅਟਾਰੀ (ਅੰਮ੍ਰਿਤਸਰ):
ਸੰਘਣੇ ਕੋਹਰੇ ਤੇ ਠੰਢ ਦੇ ਬਾਵਜੂਦ ਸ਼ੁੱਕਰਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ‘ਤੇ ਰਿਟ੍ਰੀਟ ਸਮਾਰੋਹ ਦੇਖਣ ਵਾਲਿਆਂ ਦੀ ਭੀੜ ਉਮੜ ਪਈ। ਹਾਲਾਤ ਇੰਨੇ ਗੰਭੀਰ ਸਨ ਕਿ 28 ਹਜ਼ਾਰ ਦੀ ਸਮਰੱਥਾ ਵਾਲੀ ਦਰਸ਼ਕ ਗੈਲਰੀ ’ਚ ਬੈਠਣ ਲਈ ਲੋਕਾਂ ਨੂੰ ਥਾਂ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਖੜ੍ਹੇ ਹੋ ਕੇ ਹੀ ਰਿਟ੍ਰੀਟ ਸਮਾਰੋਹ ਦਾ ਆਨੰਦ ਲਿਆ।ਇੱਥੇ ਪਹੁੰਚੇ ਦਰਸ਼ਕਾਂ ਦਾ ਜੋਸ਼ ਵੀ ਦੇਖਣਯੋਗ ਸੀ ਅਤੇ ਉਹ ਬੀਐੱਸਐੱਫ ਦੇ ਜਵਾਨਾਂ ਦੀ ਬਹਾਦੁਰੀ ਨੂੰ ਦੇਖ ਕੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਉਂਦੇ ਰਹੇ। ਇਸ ਦੇ ਨਾਲ ਹੀ, ਹਜ਼ਾਰਾਂ ਲੋਕ ਅਜਿਹੇ ਵੀ ਸਨ ਜੋ ਦਰਸ਼ਕ ਗੈਲਰੀ ’ਚ ਥਾਂ ਨਾ ਮਿਲਣ ਕਾਰਨ ਬਿਨਾਂ ਰਿਟ੍ਰੀਟ ਸਮਾਰੋਹ ਦੇਖੇ ਹੀ ਵਾਪਸ ਜਾਣ ਲਈ ਮਜਬੂਰ ਹੋ ਗਏ।ਰਿਟਰੀਟ ਸਮਾਰੋਹ ਦੇ ਸਮਾਪਤ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਅਟਾਰੀ ਰਾਜਮਾਰਗ ‘ਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ, ਜਿਸ ਕਾਰਨ ਸੈਲਾਨੀ ਘੰਟਿਆਂ ਤੱਕ ਜਾਮ ’ਚ ਫਸੇ ਰਹੇ। ਅਟਾਰੀ ਸਰਹੱਦ ’ਤੇ ਇੰਨੀ ਵੱਡੀ ਗਿਣਤੀ ’ਚ ਦਰਸ਼ਕਾਂ ਦੇ ਪਹੁੰਚਣ ਦਾ ਇਕ ਕਾਰਨ ਸਰਕਾਰੀ ਸਕੂਲਾਂ ’ਚ ਛੁੱਟੀਆਂ ਹੋਣਾ ਵੀ ਹੈ।

