ਪੰਚਾਇਤ ਮੈਂਬਰ ਖਿਲਾਫ਼ ਕੇਸ ਦਰਜ; ਘਰ ‘ਚ ਇਕੱਲੀ ਦੇਖ ਕੇ ਬਣਾਇਆ ਹਵਸ ਦਾ ਸ਼ਿਕਾਰ
ਅੰਮ੍ਰਿਤਸਰ : 
ਰਮਦਾਸ ਥਾਣੇ ਅਧੀਨ ਆਉਂਦੇ ਇਕ ਪਿੰਡ ਵਿਚ ਉਸੇ ਪਿੰਡ ਦੇ ਇਕ ਵਿਅਕਤੀ ’ਤੇ ਨੇਤਰਹੀਣ ਲੜਕੀ ਨਾਲ ਜਬਰ-ਜਨਾਹ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਇਹ ਮੁਲਜ਼ਮ ਪੰਚਾਇਤ ਮੈਂਬਰ ਹੈ ਇਸ ਦਾ ਨਾਂ ਅਰਸ਼ਦੀਪ ਸਿੰਘ ਦੱਸਿਆ ਗਿਆ ਹੈ। ਪੀੜਤਾ ਦਾ ਡਾਕਟਰੀ ਮੁਆਇਨਾ ਵੀ ਹੋਇਆ ਹੈ, ਜਿਸ ਤੋਂ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ।ਸ਼ਿਕਾਇਤ ਕਰਤਾ (25) ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਉਹ ਆਪਣੀ ਭਤੀਜੀ ਨਾਲ ਘਰ ਵਿਚ ਇਕੱਲੀ ਸੀ। ਪੀੜਤਾ ਨੇ ਦੱਸਿਆ ਕਿ ਉਹ ਦੇਖ ਨਹੀਂ ਸਕਦੀ। ਘਟਨਾ ਵਾਲੇ ਦਿਨ ਬਾਅਦ ਉਸ ਦੀ ਭਤੀਜੀ ਖੇਡਣ ਲਈ ਬਾਹਰ ਚਲੀ ਗਈ। ਸ਼ਾਮ 4 ਵਜੇ ਦੇ ਕਰੀਬ ਪਿੰਡ ਦੀ ਪੰਚਾਇਤ ਦਾ ਮੈਂਬਰ ਅਰਸ਼ਦੀਪ ਉਸ ਦੇ ਘਰ ਵਿਚ ਦਾਖ਼ਲ ਹੋਇਆ। ਜਦੋਂ ਉਸ ਨੇ ਦਰਵਾਜ਼ੇ ‘ਤੇ ਆਵਾਜ਼ ਸੁਣੀ, ਤਾਂ ਉਸ ਨੇ ਪੁੱਛਿਆ ਕਿ ਦਰਵਾਜ਼ੇ ‘ਤੇ ਕੌਣ ਹੈ? ਇਸ ’ਤੇ ਮੁਲਜ਼ਮ ਨੇ ਆਪਣਾ ਨਾਂ ਲੈ ਕੇ ਆਵਾਜ਼ ਦਿੱਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅਰਸ਼ਦੀਪ ਦੀ ਆਵਾਜ਼ ਸੁਣ ਕੇ ਉਸ ਨੇ ਜਵਾਬ ਦਿੱਤਾ ਕਿ ਉਹ ਘਰ ਵਿਚ ਇਕੱਲੀ ਹੈ ਤੇ ਉਹ ਉਸ ਦੇ ਘਰੋਂ ਚਲਿਆ ਜਾਵੇ। ਫਿਰ ਮੁਲਜ਼ਮ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਹ ਜ਼ਬਰਦਸਤੀ ਕਰਨ ਲੱਗਾ।ਪੀੜਤਾ ਨੇ ਦੋਸ਼ ਲਗਾਇਆ ਕਿ ਪੰਚਾਇਤ ਮੈਂਬਰ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ ਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਭੱਜ ਗਿਆ। ਫਿਰ ਜਦੋਂ ਪਰਿਵਾਰਕ ਮੈਂਬਰ ਵਾਪਸ ਆਏ ਤਾਂ ਉਸ ਨੇ ਘਟਨਾ ਬਾਰੇ ਦੱਸਿਆ। ਬਾਅਦ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਏਐੱਸਆਈ ਨਰਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ।

