ਅੰਮ੍ਰਿਤਸਰ: 
ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਐਤਵਾਰ ਸਵੇਰੇ ਨਾਕਾਬੰਦੀ ਦੌਰਾਨ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਚੈਕਿੰਗ ਦੌਰਾਨ ਦੋ ਸਬ-ਮਸ਼ੀਨ ਗਨ (SMG) ਬਰਾਮਦ ਕੀਤੀਆਂ ਹਨ, ਜਿਸ ਨਾਲ ਇੱਕ ਸੰਭਾਵਿਤ ਵੱਡੀ ਦਹਿਸ਼ਤਗਰਦ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਨਾਕੇ ਦੌਰਾਨ ਦੋ ਸ਼ੱਕੀ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਦੇ ਇਸ਼ਾਰੇ ‘ਤੇ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੇ ਗਏ ਸਨ। ਪੁਲਿਸ ਕਮਿਸ਼ਨਰ ਵੱਲੋਂ ਜਲਦ ਹੀ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਹੋਰ ਅਹਿਮ ਖ਼ੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ।
ਪਾਕਿਸਤਾਨੀ ਕਨੈਕਸ਼ਨ ਦੀ ਸੰਭਾਵਨਾ
ਮੁੱਢਲੇ ਇਸ਼ਾਰੇ ਇਹ ਦਰਸਾਉਂਦੇ ਹਨ ਕਿ ਇਸ ਮਾਮਲੇ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਗੈਂਗਸਟਰਾਂ ਦੀ ਮਦਦ ਨਾਲ ਭਾਰਤ ਵਿੱਚ ਹਥਿਆਰਾਂ ਦੀ ਸਪਲਾਈ ਕਰ ਰਹੀ ਹੈ, ਤਾਂ ਜੋ ਪੰਜਾਬ ਵਿੱਚ ਅਸ਼ਾਂਤੀ ਫੈਲਾਈ ਜਾ ਸਕੇ।

