
ਨਵਾਂ ਸਾਲ ਸਿਰਫ਼ ਕੈਲੰਡਰ ਦਾ ਪੰਨਾ ਬਦਲਣਾ ਨਹੀਂ, ਸਗੋਂ ਇਹ ਜੀਵਨ ਦੇ ਕਾਲ-ਚੱਕਰ ਵਿਚ ਖੜ੍ਹੇ ਹੋ ਕੇ ਆਪਣੇ-ਆਪ ਨੂੰ ਪ੍ਰਸ਼ਨ ਕਰਨ ਦਾ ਮੌਕਾ ਵੀ ਹੈ। ਜਦੋਂ ਅਸੀਂ ਪੁਰਾਣੇ ਸਾਲ ਨੂੰ ਅਲਵਿਦਾ ਕਹਿੰਦੇ ਹਾਂ ਅਤੇ ਨਵੇਂ ਸਾਲ ਦਾ ਸਵਾਗਤ ਕਰਦੇ ਹਾਂ, ਉਸ ਸਮੇਂ ਜੀਵਨ ਦੇ ਦੋ ਪਹੀਏ-ਅਲਵਿਦਾ ਅਤੇ ਖ਼ੁਸ਼ਆਮਦੀਦ-ਇਕੱਠੇ ਘੁੰਮਦੇ ਦਿਖਾਈ ਦਿੰਦੇ ਹਨ। ਇਕ ਪਹੀਆ ਪਿਛਲੇ ਅਨੁਭਵਾਂ, ਸਫਲਤਾਵਾਂ ਅਤੇ ਅਸਫਲਤਾਵਾਂ ਦਾ ਹੈ ਜਦਕਿ ਦੂਜਾ ਪਹੀਆ ਅੱਗੇ ਖੁੱਲ੍ਹਦੇ ਮੌਕਿਆਂ, ਆਸਾਂ ਅਤੇ ਸੰਭਾਵਨਾਵਾਂ ਦਾ ਹੈ। ਇਨ੍ਹਾਂ ਦੋਨਾਂ ਦੇ ਵਿਚਕਾਰ ਖੜ੍ਹਾ ਮਨੁੱਖ ਇਹ ਫ਼ੈਸਲਾ ਕਰਦਾ ਹੈ ਕਿ ਉਸ ਨੇ ਅੱਗੇ ਕਿਸ ਦਿਸ਼ਾ ਵਿਚ ਜਾਣਾ ਹੈ। ਅਲਵਿਦਾ ਕਹਿਣਾ ਸਿਰਫ਼ ਪਿਛਲੇ ਸਮੇਂ ਤੋਂ ਵਿਦਾ ਲੈਣਾ ਨਹੀਂ ਸਗੋਂ ਉਨ੍ਹਾਂ ਆਦਤਾਂ, ਵਿਚਾਰਾਂ ਅਤੇ ਪ੍ਰਵਿਰਤੀਆਂ ਤੋਂ ਵੀ ਵਿ ਦਾ ਲੈਣਾ ਹੈ ਜੋ ਸਾਡੇ ਜੀਵਨ ਨੂੰ ਬੋਝ ਬਣਾਉਂਦੀਆਂ ਰਹੀਆਂ ਹਨ। ਸਾਨੂੰ ਨਕਾਰਾਤਮਕਤਾ, ਨਿਰਾਸ਼ਾ, ਆਲਸ, ਦੁਸ਼ਮਣੀ ਅਤੇ ਅਸਹਿਣਸ਼ੀਲਤਾ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ। ਉਸ ਹੰਕਾਰ ਨੂੰ ਵੀ ਅਲਵਿਦਾ ਕਹਿਣਾ ਹੋਵੇਗਾ ਜੋ ਸਾਨੂੰ ਦੂਜਿਆਂ ਤੋਂ ਦੂਰ ਕਰਦਾ ਹੈ ਅਤੇ ਉਸ ਡਰ ਨੂੰ ਵੀ, ਜੋ ਸਾਨੂੰ ਅੱਗੇ ਵਧਣ ਤੋਂ ਰੋਕਦਾ ਹੈ। ਅਲਵਿਦਾ ਉਨ੍ਹਾਂ ਸ਼ਿਕਾਇਤਾਂ ਨੂੰ ਜੋ ਅਸੀਂ ਵਾਰ-ਵਾਰ ਦੁਹਰਾਉਂਦੇ ਹਾਂ ਪਰ ਹੱਲ ਵੱਲ ਕਦਮ ਨਹੀਂ ਚੁੱਕਦੇ। ਜੇ ਅਸੀਂ ਇਨ੍ਹਾਂ ਤੋਂ ਵਿਦਾ ਨਹੀਂ ਲਵਾਂਗੇ ਤਾਂ ਨਵਾਂ ਸਾਲ ਵੀ ਪੁਰਾਣੀਆਂ ਜੰਜ਼ੀਰਾਂ ਵਿਚ ਜਕੜਿਆ ਰਹੇਗਾ। ਖ਼ੁਸ਼ਆਮਦੀਦ ਦਾ ਅਰਥ ਸਿਰਫ਼ ਸ਼ੁਭਕਾਮਨਾਵਾਂ ਦੇਣਾ ਨਹੀਂ ਸਗੋਂ ਨਵੀਆਂ ਕਦਰਾਂ-ਕੀਮਤਾਂ ਅਤੇ ਨਵੇ ਸੰਕਲਪਾਂ ਦਾ ਸਵਾਗਤ ਕਰਨਾ ਹੈ। ਨਵੇਂ ਸਾਲ ਵਿਚ ਸਾਨੂੰ ਆਸ, ਵਿਸ਼ਵਾਸ ਅਤੇ ਹਿੰਮਤ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਸ ਵਿਚ ਕਰੁਣਾ, ਸੰਵੇਦਨਾ ਅਤੇ ਸਹਿ-ਹੋਂਦ ਦੀ ਸ਼ਮੂਲੀਅਤ ਵੀ ਹੋਵੇ ਤਾਂ ਜੋ ਸਾਡਾ ਜੀਵਨ ਰਾਸ਼ਟਰ-ਸਮਾਜ ਲਈ ਵੀ ਲਾਭਦਾਇਕ ਬਣੇ। ਸਾਡੇ ਵਿਵਹਾਰ ਵਿਚ ਸੱਚਾਈ, ਇਮਾਨਦਾਰੀ ਅਤੇ ਅਨੁਸ਼ਾਸਨ ਵੀ ਜ਼ਰੂਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੇ ਕਰਮ ਅਤੇ ਵਿਚਾਰ ਵਧੇਰੇ ਤਰਕਸੰਗਤ ਬਣਨ। ਜਦੋਂ ਅਸੀਂ ਪੁਰਾਣੇ ਸਾਲ ਦੇ ਸਬਕਾਂ ਨੂੰ ਸਿੱਖ ਕੇ ਤੇ ਸੰਭਾਲ ਕੇ ਅੱਗੇ ਵਧਦੇ ਹਾਂ ਤਦ ਹੀ ਨਵਾਂ ਸਾਲ ਅਸਲ ਵਿਚ ਸਾਰਥਕ ਬਣਦਾ ਹੈ। ਜੇ ਅਸੀਂ ਸਹੀ ਕਦਰਾਂ-ਕੀਮਤਾਂ ਨਾਲ ਨਵੇਂ ਸਾਲ ਵਿਚ ਵਿਚਰਨ ਦੀ ਕੋਸ਼ਿਸ਼ ਕਰੀਏ ਅਤੇ ਹਿੰਮਤ ਨਾਲ ਗ਼ਲਤੀਆਂ ਨੂੰ ਅਲਵਿਦਾ ਕਹੀਏ ਤਾਂ ਨਵਾਂ ਸਾਲ ਸਫਲਤਾ ਦੇ ਮੌਕਿਆਂ ਨਾਲ ਭਰਪੂਰ ਬਣ ਸਕਦਾ ਹੈ।

