ਨਵੀਂ ਦਿੱਲੀ :
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੰਸਥਾਵਾਂ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ। ਇਸ ਲਈ ਬੋਰਡ ਨੇ ਨਵੀਂ ਯੋਜਨਾ ਤਹਿਤ ਆਪਣੇ ਸੰਬੰਧਤ ਸਕੂਲਾਂ ਵਿਚ ਹੀ ਤਿਆਰੀ ਦੀ ਸਹੂਲਤ ਦੇਣ ਦੀ ਰੂਪਰੇਖਾ ਤਿਆਰ ਕੀਤੀ ਹੈ। ਸੀਬੀਐੱਸਈ ਦੇ ਸੂਤਰਾਂ ਮੁਤਾਬਕ, ਬੋਰਡ ਦੀ ਇਕ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਸਕੂਲਾਂ ਵਿਚ ਵਿਸ਼ੇਸ਼ ਸੈਂਟਰ ਫਾਰ ਐਡਵਾਂਸਡ ਸਟਡੀਜ਼ ਸਥਾਪਿਤ ਕੀਤੇ ਜਾਣ ਜਿੱਥੇ ਵਿਦਿਆਰਥੀਆਂ ਨੂੰ ਜੇਈਈ ਮੇਨਜ਼, ਨੀਟ-ਯੂਜੀ ਅਤੇ ਸੀਯੂਈਟੀ-ਯੂਜੀ ਦੀ ਦਾਖ਼ਲਾ ਪ੍ਰੀਖਿਆ ਦੀ ਕੋਚਿੰਗ ਨਿਯਮਿਤ ਪੜ੍ਹਾਈ ਦੇ ਨਾਲ-ਨਾਲ ਮੁਹੱਈਆ ਕਰਵਾਈ ਜਾਵੇਗੀ।ਬੋਰਡ ਦੇ ਅਧਿਕਾਰੀਆਂ ਮੁਤਾਬਕ, ਇਸ ਕਦਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਨੂੰ ਮਹਿੰਗੀ ਕੋਚਿੰਗ ਦਾ ਸਹਾਰਾ ਨਾ ਲੈਣਾ ਪਵੇ ਅਤੇ ਉਹ ਸਕੂਲ ਪੱਧਰ ’ਤੇ ਹੀ ਗੁਣਵੱਤਾ ਭਰਪੂਰ ਮਾਰਗਦਰਸ਼ਨ ਹਾਸਲ ਕਰ ਸਕਣ। ਸਿੱਖਿਆ ਮੰਤਰਾਲਾ ਵੀ ਇਸ ਸਮੇਂ ਇਹ ਸਮੀਖਿਆ ਕਰ ਰਿਹਾ ਹੈ ਕਿ ਜੇਈਈ ਤੇ ਨੀਟ ਵਰਗੇ ਪੇਪਰ 12ਵੀਂ ਦੇ ਸਿਲੇਬਸ ਨਾਲ ਕਿਸ ਹੱਦ ਤੱਕ ਮੇਲ ਖਾਂਦੇ ਹਨ ਅਤੇ ਔਖਿਆਈ ਕਾਰਨ ਕਿਤੇ ਵਿਦਿਆਰਥੀਆਂ ਨੂੰ ਵਾਧੂ ਕੋਚਿੰਗ ਲੈਣ ਲਈ ਤਾਂ ਮਜਬੂਰ ਨਹੀਂ ਕਰ ਰਿਹਾ।