ਜਲੰਧਰ :
ਸ਼ਹਿਰ ’ਚ ਟ੍ਰੈਫਿਕ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਗਏ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਅਸਰ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਮੰਗਲਵਾਰ ਨੂੰ ਸਿਸਟਮ ਦੀ ਸ਼ੁਰੂਆਤ ਦੇ ਦੂਜੇ ਦਿਨ ਵੀ ਕਈ ਵਾਹਨ ਚਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ। ਬੀਐੱਮਸੀ ਚੌਕ ਸਮੇਤ ਹੋਰ ਪ੍ਰਮੁੱਖ ਸਥਾਨਾਂ ’ਤੇ ਪੁਲਿਸ ਤੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ’ਚ ਬੈਠੇ ਮੁਲਾਜ਼ਮ ਸਪੀਕਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਰਹੇ। ਸਵੇਰੇ ਤੇ ਸ਼ਾਮ ਦੇ ਰਸ਼ ਵਾਲੇ ਸਮੇਂ ਦੌਰਾਨ ਸਿਰਫ 20 ਮਿੰਟਾਂ ’ਚ ਹੀ ਬੀਐੱਮਸੀ ਚੌਕ ’ਤੇ 50 ਤੋਂ ਵੱਧ ਵਾਹਨ ਚਾਲਕਾਂ ਨੇ ਨਿਯਮ ਤੋੜੇ। ਇਨ੍ਹਾਂ ’ਚ ਜ਼ਿਆਦਾਤਰ ਈ-ਰਿਕਸ਼ਾ ਤੇ ਦੋਪਹੀਆ ਵਾਹਨ ਚਾਲਕ ਸ਼ਾਮਲ ਸਨ। ਕਈ ਚਾਲਕ ਜ਼ੈਬਰਾ ਲਾਈਨ ਪਾਰ ਕਰਕੇ ਅੱਗੇ ਖੜ੍ਹ ਗਏ, ਜਿਸ ’ਤੇ ਕੰਟਰੋਲ ਰੂਮ ਤੋਂ ਸਪੀਕਰਾਂ ਰਾਹੀਂ ਤੁਰੰਤ ਚਿਤਾਵਨੀ ਦਿੱਤੀ ਗਈ। ਬੁੱਧਵਾਰ ਦੁਪਹਿਰ ਪੰਜਾਬੀ ਜਾਗਰਣ ਦੀ ਟੀਮ ਨੇ ਬੀਐੱਮਸੀ ਚੌਕ ਦਾ ਅੱਧਾ ਘੰਟਾ ਦੌਰਾ ਕੀਤਾ ਤਾਂ ਕਈ ਲੋਕਾਂ ਨੂੰ ਚਾਲਾਨ ਦੇ ਡਰ ਕਾਰਨ ਨਿਯਮਾਂ ਦੀ ਪਾਲਣਾ ਕਰਦੇ ਦੇਖਿਆ ਗਿਆ ਪਰ ਕਈ ਬੇਖ਼ੌਫ਼ ਹੋ ਕੇ ਜ਼ੈਬਰਾ ਲਾਈਨ ਤੋਂ ਅੱਗੇ ਆ ਕੇ ਖੜ੍ਹੇ ਹੁੰਦੇ ਦੇਖੇ ਗਏ। ਦੂਜੇ ਪਾਸੇ ਚੌਕ ’ਚ ਖੜ੍ਹੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਵੇਖ ਕੇ ਕਈ ਦੋਪਹੀਆ ਤੇ ਈ-ਰਿਕਸ਼ਾ ਚਾਲਕ ਗੱਡੀਆਂ ਪਿੱਛੇ ਕਰਦੇ ਹੋਏ ਦਿਸੇ। ਟ੍ਰੈਫਿਕ ਪੁਲਿਸ ਨੇ ਪੰਜਾਬੀ ’ਚ ਲੋਕਾਂ ਨੂੰ ਸਮਝਾਉਂਦਿਆਂ ਕਿਹਾ, ‘ਜਦੋਂ ਚਲਾਨ ਕੱਟਿਆ ਜਾਵੇਗਾ ਫਿਰ ਕਹਿਣਾ ਸਾਡੀ ਗਲਤੀ ਨਹੀਂ ਸੀ, ਜਦਕਿ ਤੁਹਾਨੂੰ ਪਤਾ ਹੈ ਕੈਮਰੇ ਚੱਲ ਰਹੇ ਹਨ।’ ਪੁਲਿਸ ਨੇ ਨਿਯਮ ਤੋੜਨ ਵਾਲਿਆਂ ਨੂੰ ਮੌਕੇ ’ਤੇ ਹੀ ਸਮਝਾਇਆ ਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਪੁਲਿਸ ਨੇ ਕਿਹਾ ਕਿ ਹਾਈ-ਟੈੱਕ ਕੈਮਰੇ ਹਰ ਚੌਕ ’ਤੇ ਵਾਹਨਾਂ ਦੀ ਗਤੀਵਿਧੀ ’ਤੇ ਨਿਗਰਾਨੀ ਕਰ ਰਹੇ ਹਨ। ਨਿਯਮ ਤੋੜਨ ਵਾਲਿਆਂ ਦੀ ਤੁਰੰਤ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ’ਚ ਈ-ਚਾਲਾਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਟ੍ਰੈਫਿਕ ਪੁਲਿਸ ਲੋਕਾਂ ਨੂੰ ਜਾਗਰੂਕ ਕਰਨ ਲਈ ਲੱਗੀ ਰਹੀ ਤਾਂ ਜੋ ਉਹ ਅਨੁਸ਼ਾਸਨ ’ਚ ਰਹਿ ਕੇ ਨਿਯਮਾਂ ਦੀ ਪਾਲਣਾ ਕਰਨ। ਇਸ ਦੀ ਲੋਕਾਂ ਨੂੰ ਆਦਤ ਪੈ ਜਾਵੇਗੀ ਕਿਉਂਕਿ ਆਉਣ ਵਾਲੇ ਦਿਨਾਂ ’ਚ ਜਦੋਂ ਆਨਲਾਈਨ ਚਾਲਾਨ ਕੱਟਣ ਸ਼ੁਰੂ ਹੋ ਜਾਣਗੇ ਤਾਂ ਨਿਯਮ ਤੋੜਨ ਵਾਲਿਆਂ ਨੂੰ ਕਿਸੇ ਵੀ ਸੂਰਤ ’ਚ ਬਖ਼ਸ਼ਿਆ ਨਹੀਂ ਜਾਵੇਗਾ।