ਅਹਿਮਦਾਬਾਦ 
ਗੁਜਰਾਤ ਹਾਈ ਕੋਰਟ ਨੇ ਵੀ ਵੀਰਵਾਰ ਨੂੰ 84 ਸਾਲਾ ਕਥਾਵਾਚਕ ਆਸਾਰਾਮ ਨੂੰ ਇਲਾਜ ਲਈ ਛੇ ਮਹੀਨੇ ਦੀ ਜ਼ਮਾਨਤ ਦੇ ਦਿੱਤੀ। 2013 ਦੇ ਇਕ ਜਬਰ ਜਨਾਹ ਮਾਮਲੇ ’ਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। 29 ਅਕਤੂਬਰ ਨੂੰ ਰਾਜਸਥਾਨ ਹਾਈ ਕੋਰਟ ਨੇ ਵੀ ਉਨ੍ਹਾਂ ਨੂੰ ਇਲਾਜ ਲਈ ਛੇ ਮਹੀਨੇ ਦੀ ਜ਼ਮਾਨਤ ਦਿੱਤੀ ਸੀ। ਹਾਈ ਕੋਰਟ ਦੇ ਬੈਂਚ ਨੇ ਟਿੱਪਣੀ ’ਚ ਕਿਹਾ ਕਿ ਉਹ ਉਨ੍ਹਾਂ ਨੂੰ ਉਸੇ ਆਧਾਰ ’ਤੇ ਜ਼ਮਾਨਤ ਦੇ ਰਹੀ ਹੈ ਜਿਸ ਆਧਾਰ ’ਤੇ ਉਨ੍ਹਾਂ ਨੂੰ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ।ਇਸ ਤੋਂ ਪਹਿਲਾਂ ਆਸਾਰਾਮ ਦੇ ਵਕੀਲ ਨੇ ਰਾਜਸਥਾਨ ਹਾਈ ਕੋਰਟ ਦਾ ਹੁਕਮ ਪੇਸ਼ ਕੀਤਾ ਤੇ ਉਨ੍ਹਾਂ ਦੀ ਮੈਡੀਕਲ ਸਥਿਤੀ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ। ਸੂਬਾ ਸਰਕਾਰ ਦੇ ਵਕੀਲ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਆਸਾਰਾਮ ਨੂੰ ਜੋਧਪੁਰ ਜੇਲ੍ਹ ’ਚ ਇਲਾਜ ਦੀਆਂ ਜੋ ਸਹੂਲਤਾਂ ਨਹੀਂ ਮਿਲ ਸਕੀਆਂ ਹਨ, ਉਹ ਉਨ੍ਹਾਂ ਨੂੰ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ’ਚ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਜਨਵਰੀ, 2023 ’ਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾਰਾਮ ਨੂੰ 2013 ’ਚ ਦਰਜ ਕੇਸ ’ਚ ਦੋਸ਼ੀ ਠਹਿਰਾਇਆ ਸੀ। ਇਸ ’ਚ ਉਨ੍ਹਾਂ ਨੇ ਸੂਰਤ ਨਿਵਾਸੀ ਪੈਰੋਕਾਰ ਦੇ ਨਾਲ 2001 ਤੋਂ 2006 ਤੱਕ ਕਈ ਵਾਰ ਜਬਰ ਜਨਾਹ ਕੀਤਾ ਸੀ।

