ਸ੍ਰੀ ਅਨੰਦਪੁਰ ਸਾਹਿਬ :
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਫੀਸ ਸਸਕਾਰ ਦਿਵਸ ਯਾਦਗਾਰੀ ਹੋ ਨਿਬੜਿਆ। ਸੰਗਤਾਂ ਦੀ ਵਡੀ ਸ਼ਮੂਲੀਅਤ ਇਹ ਦਰਸਾਉਂਦੀ ਸੀ ਕਿ ਸੰਗਤਾਂ ਗੁਰੂ ਘਰਾਂ ਦੇ ਨਾਲ ਇੱਕ ਮਿਕ ਹਨ ਅਤੇ ਸ਼ਰਧਾ ਉਤਸ਼ਾਹ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦੀ ਵਰਸਾਈ ਹੋਈ ਇਸ ਪਾਵਨ ਧਰਤੀ ਨੂੰ ਨਤਮਸਤਕ ਹੁੰਦੀਆਂ ਰਹਿਣਗੀਆਂ। ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਢੰਗ ਨਾਲ ਨਿਬੜਿਆ ਹੈ। ਉਹਨਾਂ ਕਿਹਾ ਕਿ ਸੰਗਤਾਂ ਦੀ ਸ਼ਰਧਾ ਦਾ ਵਿਸ਼ਾਲ ਸੈਲਾਬ ਉਸੇ ਤਰ੍ਹਾਂ ਦਿੱਖਿਆ ਜਿਵੇਂ ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਮੌਕੇ ਸੰਗਤਾਂ ਆਈਆਂ ਸਨ। ਭਿੰਡਰ ਨੇ ਕਿਹਾ ਕਿ ਅੱਜ ਵੀ ਸੰਗਤਾਂ ਜਿਸ ਤਰ੍ਹਾਂ ਦੂਰ-ਦੁਰੋਂ ਆਪਣੇ ਵਹੀਕਲਾਂ ਅਤੇ ਪੈਦਲ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਹਨ, ਉਹ ਆਪ ਵਿੱਚ ਇਤਿਹਾਸਕ ਦ੍ਰਿਸ਼ ਸੀ। ਜਥੇਦਾਰ ਭਿੰਡਰ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਨਾ ਫਲੈਕਸ ਬੋਰਡ ਲਗਾਏ ਗਏ ਨਾ ਸਰਕਾਰੀ ਬੱਸਾਂ ਵਿੱਚ ਧੱਕੇ ਨਾਲ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਸੰਗਤਾਂ ਦਾ ਇਨਾ ਜਿਆਦਾ ਇਕੱਠ ਇਹ ਦਰਸਾਉਂਦਾ ਸੀ ਕਿ ਲੋਕ ਗੁਰੂ ਘਰਾਂ ਨਾਲ ਜੁੜੇ ਹਨ ਨਾ ਕਿ ਸਰਕਾਰਾਂ ਵੱਲੋਂ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਨਾਲ। ਉਹਨਾਂ ਕਿਹਾ ਇਸ ਇਕੱਠ ਨੇ ਸਪਸ਼ਟ ਕਰ ਦਿੱਤਾ ਕਿ ਸੰਗਤਾਂ ਗੁਰੂ ਘਰਾਂ ਵਿੱਚ ਸਰਕਾਰੀ ਦਖਲ ਬਿਲਕੁਲ ਨਹੀਂ ਚਾਹੁੰਦੀਆਂ ਅਤੇ ਇਹ ਗੱਲ ਹਾਕਮਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ। ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਇਕੱਠ ਸਰਕਾਰੀ ਅਤੇ ਪੰਥਕ ਸਮਾਗਮਾਂ ਦੇ ਫਰਕ ਨੂੰ ਸਪਸ਼ਟ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਕੱਠਾਂ ਵਿੱਚ ਧੱਕੇ ਨਾਲ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਫਿਰ ਵੀ ਭੀੜ ਨਹੀਂ ਹੁੰਦੀ, ਪਰ ਅੱਜ ਦਾ ਇਕੱਠ ਸੰਗਤਾਂ ਦੀ ਆਪਣੀ ਇੱਛਾ, ਸ਼ਰਧਾ ਅਤੇ ਗੁਰੂ ਘਰ ਨਾਲ ਅਟੂਟ ਨਿਸ਼ਠਾ ਦਾ ਪ੍ਰਗਟਾਵਾ ਹੈ। ਚਾਵਲਾ ਨੇ ਕਿਹਾ ਕਿ ਸੰਗਤਾਂ ਦੀ ਇਸ ਜਜ਼ਬੇ ਨੇ ਦੱਸ ਦਿੱਤਾ ਹੈ ਕਿ ਪੰਥਕ ਸਮਾਗਮਾਂ ਨਾਲ ਲੋਕਾਂ ਦਾ ਰੂਹਾਨੀ ਨਾਤਾ ਕਿੰਨਾ ਡੂੰਘਾ ਹੈ। ਨਗਰ ਕੀਰਤਨ ਕਾਰਨ ਕਈ ਕਿਲੋਮੀਟਰ ਰਿਹਾ ਜਾਮ ਸੀਸ ਭੇਟ ਨਗਰ ਕੀਰਤਨ ਕਾਰਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੰਡੀਗੜ੍ਹ ਨੰਗਲ ਹਾਈਵੇ ‘ਤੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗਾ ਰਿਹਾ। ਸ੍ਰੀ ਕੀਰਤਪੁਰ ਸਾਹਿਬ ਤੋਂ ਆਰੰਭ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਜਦੋਂ ਅਨੰਦਪੁਰ ਸਾਹਿਬ ਦੀਆਂ ਹੱਦਾਂ ਵਿੱਚ ਦਾਖ਼ਲ ਹੋਇਆ ਤਾਂ ਰਸਤੇ ਵਿੱਚ ਪੈਂਦੇ ਪਿੰਡਾਂ ਦੀ ਸੰਗਤ ਵੱਡੀ ਗਿਣਤੀ ਵਿੱਚ ਆਪੇ ਹੀ ਇਸ ਨਾਲ ਜੁੜਦੀ ਗਈ। ਸੰਗਤ ਦਾ ਇਹ ਠਾਠਾਂ ਮਾਰਦਾ ਸਮੁੰਦਰ ਜਦੋਂ ਹਾਈਵੇ ਤੇ ਪਹੁੰਚਿਆ ਤਾਂ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਟਰੈਫਿਕ ਪੂਰੀ ਤਰ੍ਹਾਂ ਰੁਕ ਗਈ। ਪੁਲਿਸ ਵੱਲੋਂ ਇੱਕ ਪਾਸੇ ਦੀ ਟਰੈਫਿਕ ਚਲਾਣਾ ਚਲਾਈ ਗਈ, ਪਰ ਨਗਰ ਕੀਰਤਨ ਦੇ ਰਸ, ਸੰਗਤ ਦੀ ਗਿਣਤੀ ਅਤੇ ਸੰਗਤ ਦੇ ਨਾਲ ਚੱਲ ਰਹੀਆਂ ਗੱਡੀਆਂ ਦੀ ਵੱਧ ਤਾਦਾਦ ਕਾਰਨ ਹਾਈਵੇ ਜਾਮ ਹੋ ਗਿਆ। ਇਸ ਦੌਰਾਨ ਬੱਸਾਂ, ਕਾਰਾਂ ਅਤੇ ਟਰੱਕਾਂ ਦੀ ਕਈ ਕਿਲੋਮੀਟਰ ਲੰਮੀ ਲਾਈਨ ਬਣੀ ਰਹੀ।

