ਚੰਡੀਗੜ੍ਹ : 
ਪੰਜਾਬ ਪੁਲਿਸ (Punjab Police) ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ (Harcharan Singh Bhullar) ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਲਈ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ। ਸੀਬੀਆਈ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਸੀਬੀਆਈ ਨੇ ਭੁੱਲਰ ਦਾ ਸੈਲਰੀ ਅਕਾਊਂਟ ਤਾਂ ਫ੍ਰੀਜ਼ ਕੀਤਾ ਹੀ ਹੈ, ਨਾਲ ਹੀ ਉਨ੍ਹਾਂ ਦੇ ਬੇਟੇ ਦਾ ਸੈਲਰੀ ਅਕਾਊਂਟ ਤੇ ਪਿਤਾ ਦਾ ਪੈਨਸ਼ਨ ਖਾਤਾ ਵੀ ਫ੍ਰੀਜ਼ ਕਰ ਦਿੱਤਾ ਹੈ। ਉਨ੍ਹਾਂ ਦਾ ਬੇਟਾ ਪੰਜਾਬ ’ਚ ਅਸਿਸਟੈਂਟ ਐਡਵੋਕੇਟ ਜਨਰਲ ਹੈ। ਉਨ੍ਹਾਂ ਦੇ ਪਰਿਵਾਰ ਨੂੰ ਖੇਤੀਬਾੜੀ ਤੇ ਕਿਰਾਏ ਤੋਂ ਜਿਹੜੀ ਆਮਦਨ ਹੋ ਰਹੀ ਸੀ, ਉਹ ਵੀ ਹੁਣ ਖਾਤੇ ਤੋਂ ਨਿਕਲ ਨਹੀਂ ਪਾ ਰਹੀ। ਇਹ ਰਕਮ ਉਨ੍ਹਾਂ ਦੀ ਮਾਂ ਦੇ ਖਾਤੇ ’ਚ ਆ ਰਹੀ ਸੀ ਤੇ ਸੀਬੀਆਈ ਨੇ ਉਹ ਖਾਤਾ ਵੀ ਫ੍ਰੀਜ਼ ਕਰ ਦਿੱਤਾ ਹੈ। ਜਿਸ ਘਰ ਤੋਂ ਇਕ ਮਹੀਨਾ ਪਹਿਲਾਂ ਨੋਟਾਂ ਦੇ ਢੇਰ ਮਿਲੇ ਸਨ, ਹੁਣ ਉੱਥੇ ਰੋਜ਼ਾਨਾ ਦੀ ਜ਼ਰੂਰਤ ਦਾ ਖ਼ਰਚ ਕੱਢ ਸਕਣਾ ਮੁਸ਼ਕਲ ਹੋ ਰਿਹਾ ਹੈ।
ਭੁੱਲਰ ਨੇ ਕੀਤੀ ਬੈਂਕ ਖਾਤੇ ਡੀ-ਫ੍ਰੀਜ਼ ਕਰਨ ਦੀ ਮੰਗ
ਹਰਚਰਨ ਸਿੰਘ ਭੁੱਲਰ ਦੇ ਵਕੀਲ ਐੱਸਪੀਐੱਸ ਭੁੱਲਰ ਨੇ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਉਨ੍ਹਾਂ ਦੇ ਬੈਂਕ ਖਾਤੇ ਡੀ-ਫ੍ਰੀਜ਼ ਕਰਨ ਦੀ ਮੰਗ ਕੀਤੀ। ਇਸ ’ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ’ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ। ਐਡਵੋਕੇਟ ਭੁੱਲਰ ਨੇ ਅਰਜ਼ੀ ’ਚ ਕਿਹਾ ਕਿ ਸੀਬੀਆਈ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਜਾਂਚ ਜਾਰੀ ਰੱਖੇ, ਪਰ ਉਨ੍ਹਾਂ ਦੇ ਬੈਂਕ ਖਾਤੇ ਤਾਂ ਡੀ-ਫ੍ਰੀਜ਼ ਕਰ ਦਿੱਤੇ ਜਾਣ। ਉਨ੍ਹਾਂ ਦੇ ਪਰਿਵਾਰ ਨੂੰ ਜਿਹੜੀ ਆਮਦਨ ਹੋ ਰਹੀ ਹੈ, ਉਹ ਤਾਂ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਦੇ ਘਰ ਦਾ ਖ਼ਰਚ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦਾ ਖੇਤੀ ਦਾ ਵੀ ਕੰਮ ਹੈ ਤੇ ਉਸ ਲਈ ਵੀ ਰੁਪਇਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਦੀ ਮੰਗ ਰੱਖੀ।

