ਪਰਿਵਾਰਕ ਮੈਂਬਰ ਮ੍ਰਿਤਕ ਦੇਹ ਨਾਲ ਲਿਪਟੇ, ਰੋ-ਰੋ ਕੇ ਬੁਰਾ ਹਾਲ
ਜਲੰਧਰ ਮੇਜਰ ਟਾਈਮਜ਼ :
ਪੰਜਾਬ ਦੇ ‘ਆਇਰਨ ਮੈਨ’ ਦੇ ਨਾਮ ਨਾਲ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਵੀਰਵਾਰ ਨੂੰ ਦਿਲ ਦੇ ਦੌਰੇ ਕਾਰਨ ਘੁੰਮਣ ਦੀ ਮੌਤ ਹੋ ਗਈ ਸੀ। ਹਸਪਤਾਲ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਜਮਸ਼ੇਰ ਲਿਆਂਦੀ ਗਈ, ਜਿੱਥੋਂ ਉਨ੍ਹਾਂ ਦੀ ਅੰਤਿਮ ਯਾਤਰਾ ਮਾਡਲ ਟਾਊਨ ਸ਼ਮਸ਼ਾਨਘਾਟ ਵੱਲ ਚਲੀ। ਅੰਤਿਮ ਯਾਤਰਾ ਦੌਰਾਨ ਪਰਿਵਾਰਕ ਮੈਂਬਰਾਂ ਸਮੇਤ ਸ਼ਹਿਰਵਾਸੀਆਂ ਦੀਆਂ ਅੱਖਾਂ ਨਮੀ ਹੋਈਆਂ ਸਨ। ਸਿਆਸੀ, ਸਮਾਜਿਕ ਤੇ ਧਾਰਮਿਕ ਸੰਗਠਨਾਂ ਨਾਲ ਜੁੜੇ ਹੋਏ ਕਈ ਲੋਕਾਂ ਨੇ ਵਰਿੰਦਰ ਘੁੰਮਣ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਮਾਡਲ ਟਾਊਨ ਵਿਚ ਜਦੋਂ ਘੁੰਮਣ ਦੀ ਮ੍ਰਿਤਕ ਦੇਹ ਰੱਖੀ ਗਈ ਤਾਂ ਪਰਿਵਾਰਕ ਮੈਂਬਰ ਉਸ ਨਾਲ ਲਿਪਟ ਗਏ, ਰੋ-ਰੋ ਕੇ ਬੁਰਾ ਹਾਲ ਸੀ। ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਘੁੰਮਣ ਦੇ ਦੇਹਾਂਤ ’ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਰੈਸਟ ਇਨ ਪੀਸ. ਵਿੱਲ ਮਿਸ ਯੂ ਪਾਜੀ’। ਵਰਿੰਦਰ ਘੁੰਮਣ ਦੇ ਅੰਤਿਮ ਸੰਸਕਾਰ ’ਚ ਲੋਕਾਂ ਦਾ ਸੈਲਾਬ ਉਮੜਿਆ ਹੋਇਆ ਸੀ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਗੁਰਤੇਜਵੀਰ ਸਿੰਘ ਘੁੰਮਣ ਨੇ ਦਿੱਤੀ। ਸ਼ਮਸ਼ਾਨਘਾਟ ’ਚ ਹਰ ਕਿਸੇ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਇਸ ਮੌਕੇ ਕੈਬਨਿਟ ਮਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਗਾਇਕ ਬਲਰਾਜ ਸਿੰਘ, ਵਿਧਾਇਕ ਪਰਗਟ ਸਿੰਘ, ਮੰਗਤ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ ਹੋਰ ਸ਼ਹਿਰਵਾਸੀ ਮੌਜੂਦ ਸਨ।
ਪਰਿਵਾਰਕ ਮੈਂਬਰਾਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ
‘ਮੇਰਾ ਪੁੱਤ ਕਿੱਥੇ ਹੈ, ਓਹਨੂੰ ਵਾਪਸ ਲੈ ਆਓ’ ਅੰਤਿਮ ਸੰਸਕਾਰ ਦੌਰਾਨ ਜਿੱਥੇ ਹਰ ਕਿਸੇ ਦੀ ਅੱਖ ਨਮੀ ਸੀ, ਓਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਵਾਰ-ਵਾਰ ਕਹਿ ਰਹੇ ਸਨ, ‘ਘੁੰਮਣ ਪੁੱਤਰ ਕਿੱਥੇ, ਓਹਨੂੰ ਵਾਪਸ ਲੈ ਆਓ, ਚੰਗਾ-ਭਲਾ ਘਰੋਂ ਗਿਆ ਸੀ…’ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਸਿਰਫ ਇਕ ਸਾਧਾਰਨ ਆਪਰੇਸ਼ਨ ਸੀ। ਉਹ ਬਿਲਕੁਲ ਠੀਕ ਘਰੋਂ ਗਏ ਸਨ, ਛੁੱਟੀ ਵੀ ਮਿਲਣੀ ਸੀ। ਹੁਣ ਉਹ ਪ੍ਰਸ਼ਾਸਨ ਤੇ ਹਸਪਤਾਲ ਪ੍ਰਬੰਧਨ ਤੋਂ ਸਪੱਸ਼ਟਤਾ ਮੰਗ ਰਹੇ ਹਨ ਕਿ ਆਖ਼ਿਰ ਹੋਇਆ ਕੀ ਸੀ।
ਦੀਵਾਲੀ ’ਤੇ ਨਵੇਂ ਘਰ ’ਚ ਕਰਨਾ ਸੀ ਪ੍ਰਵੇਸ਼
ਵਰਿੰਦਰ ਘੁੰਮਣ ਨੇ ਮਿੱਠਾਪੁਰ ਨੇੜੇ ਨਵਾਂ ਸ਼ਾਨਦਾਰ ਘਰ ਬਣਾਇਆ ਸੀ। ਦੀਵਾਲੀ ਦੇ ਮੌਕੇ ’ਤੇ ਉਹ ਆਪਣੇ ਪਰਿਵਾਰ ਸਮੇਤ ਉੱਥੇ ਸ਼ਿਫਟ ਹੋਣ ਵਾਲੇ ਸਨ। ਨਵੇਂ ਘਰ ਵਿਚ ਸ਼ਿਫਟ ਹੋਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। — ਹਸਪਤਾਲ ਨੇ ਦਿੱਤਾ ਸਪੱਸ਼ਟੀਕਰਨ ਇਸੇ ਦੌਰਾਨ ਅੰਮ੍ਰਿਤਸਰ ਦੇ ਉਸ ਹਸਪਤਾਲ ਨੇ ਵਰਿੰਦਰ ਘੁੰਮਣ ਦੀ ਮੌਤ ਬਾਰੇ ਸਪੱਸ਼ਟੀਕਰਨ ਜਾਰੀ ਕਰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਵਰਿੰਦਰ ਘੁੰਮਣ ਨੂੰ 6 ਅਕਤੂਬਰ ਨੂੰ ਦਾਖਲ ਕਰਵਾਇਆ ਗਿਆ ਸੀ। 9 ਅਕਤੂਬਰ ਨੂੰ ਦੁਪਹਿਰ 3 ਵਜੇ ਉਨ੍ਹਾਂ ਦੀ ਮਾਹਰ ਡਾਕਟਰਾਂ ਵੱਲੋਂ ਸਰਜਰੀ ਕੀਤੀ ਗਈ ਸੀ। 3.35 ’ਤੇ ਵਰਿੰਦਰ ਘੁੰਮਣ ਨੂੰ ਦਿਲ ਦਾ ਦੌਰਾ ਪੈ ਗਿਆ। ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਸ਼ਾਮ 5.36 ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਬੰਧਕਾਂ ਨੇ ਵਰਿੰਦਰ ਘੁੰਮਣ ਦੀ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।