ਜਲੰਧਰ :
ਪੰਜਾਬ ਪੁਲਿਸ ਨੂੰ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ’ਚ ਇੰਡੀਅਨ ਏਅਰ ਫੋਰਸ ਹੱਥੋਂ 2-3 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ’ਚ ਚੱਲ ਰਹੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਦੂਜੇ ਮੈਚ ’ਚ ਸੀਆਰਪੀਐਫ ਦਿੱਲੀ ਤੇ ਭਾਰਤੀ ਰੇਲਵੇ ਦਿੱਲੀ ਦੀਆਂ ਇਕ ਇਕ ਦੀ ਬਰਾਬਰੀ ’ਤੇ ਰਹੀਆਂ। ਪਹਿਲਾ ਮੈਚ ਪੂਲ ਬੀ ’ਚ ਇੰਡੀਅਨ ਏਅਰ ਫੋਰਸ ਤੇ 10 ਉਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਜਲੰਧਰ ਦਰਮਿਆਨ ਖੇਡਿਆ ਗਿਆ। ਪੰਜਾਬ ਪੁਲਿਸ ਵੱਲੋਂ ਪਹਿਲਾ ਗੋਲ ਖੇਡ ਦੇ 7ਵੇਂ ਮਿੰਟ ’ਚ ਪ੍ਰਭਦੀਪ ਸਿੰਘ ਨੇ ਕਰਕੇ ਸਕੋਰ 1-0 ਕੀਤਾ। ਜਦਕਿ 9ਵੇਂ ਮਿੰਟ ’ਚ ਇੰਡੀਅਨ ਏਅਰ ਫੋਰਸ ਦੇ ਸੁਮਿਤ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 35ਵੇਂ ਮਿੰਟ ’ਚ ਪੰਜਾਬ ਪੁਲਿਸ ਦੇ ਉਲੰਪੀਅਨ ਦਿਲਪ੍ਰੀਤ ਸਿੰਘ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਪਾਸ ਤੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 39ਵੇਂ ਮਿੰਟ ’ਚ ਏਅਰ ਫੋਰਸ ਦੇ ਐਮ ਕ੍ਰਿਅੱਪਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ’ਚ ਏਅਰ ਫੋਰਸ ਦੇ ਸਾਗਰ ਸਿੰਗਡੇ ਨੇ ਗੋਲ ਕਰਕੇ ਸਕੋਰ 3-2 ਕੀਤਾ। ਮੈਚ ਦੌਰਾਨ ਪੰਜਾਬ ਪੁਲਿਸ ਨੂੰ 13 ਪੈਨਲਟੀ ਕਾਰਨਰ ਮਿਲੇ ਪਰ ਏਅਰ ਫੋਰਸ ਦੇ ਗੋਲਕੀਪਰ ਪੁਨੰਨਾ ਪਾਲਨਗਡੇ ਨੇ ਭਾਰਤੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਤੇ ਉਲੰਪੀਅਨ ਰੁਪਿੰਦਰਪਾਲ ਸਿੰਘ ਵੱਲੋਂ ਲਾਏ ਸਾਰੇ ਪੈਨਲਟੀ ਕਾਰਨਰ ਬੇਕਾਰ ਕਰ ਦਿੱਤੇ। ਪੰਜਾਬ ਪੁਲਿਸ ਦੇ ਦੋ ਲੀਗ ਮੈਚਾਂ ਤੋਂ ਤਿੰਨ ਅੰਕ ਹਨ। ਪੰਜਾਬ ਪੁਲਿਸ ਨੇ ਪਹਿਲੇ ਮੈਚ ’ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਹਰਾਇਆ ਸੀ। ਦੂਜਾ ਮੈਚ ਪੂਲ ਏ ’ਚ ਸੀਆਰਪੀਐੱਫ ਦਿੱਲੀ ਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 0-0 ’ਤੇ ਬਰਾਬਰ ਸਨ। ਖੇਡ ਦੇ 57ਵੇਂ ਮਿੰਟ ’ਚ ਭਾਰਤੀ ਰੇਲਵੇ ਦੇ ਸ੍ਰੀਆਸ ਭਾਵਿਕਦਾਸ ਦੂਬੇ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 59ਵੇਂ ਮਿੰਟ ’ਚ ਸੀਆਰਪੀਐੱਫ ਦੇ ਸ਼ਮਸ਼ੇਰ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ। ਮੈਚ ਬਰਾਬਰੀ ’ਤੇ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਲਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਗੁਰਮੇਲ ਸਿੰਘ, ਅਰਜੁਨ ਐਵਾਰਡੀ ਰਾਜਬੀਰ ਕੌਰ, ਮੇਅਰ ਨਗਰ ਨਿਗਮ ਵਿਨੀਤ ਧੀਰ, ਐੱਨਆਰਆਈ ਰਣਜੀਤ ਸਿੰਘ ਟੁੱਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ’ਤੇ ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਮੁਖਬੈਨ ਸਿੰਘ, ਮੁੱਖਵਿੰਦਰ ਸਿੰਘ, ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐੱਲਆਰ ਨਈਅਰ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। — 26 ਅਕਤੂਬਰ ਦੇ ਮੈਚ ਭਾਰਤ ਪੈਟਰੋਲੀਅਮ ਬਨਾਮ ਬੀਐੱਸਐੱਫ ਜਲੰਧਰ-4.30 ਵਜੇ ਇੰਡੀਅਨ ਆਇਲ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ-5.45 ਵਜੇ/

