, ਨਵੀਂ ਦਿੱਲੀ : 
ਅਮਰੀਕਾ ਦੇ ਮਸ਼ਹੂਰ ਸੰਸਥਾਨ ਗਲੋਬਲ ਹਿਊਮਨ ਸੋਸਾਇਟੀ ਨੇ ਜੰਗਲੀ ਜੀਵ ਸੰਭਾਲ ਕੇਂਦਰ ਵਨਤਾਰਾ ਦੇ ਸੰਸਥਾਪਕ ਅਨੰਤ ਅੰਬਾਨੀ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਗਲੋਬਲ ਹਿਊਮੈਨੀਟੇਰੀਅਨ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਖਿਤਾਬ ਜਿੱਤਣ ਵਾਲੇ ਉਹ ਏਸ਼ੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ।ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਵਨਤਾਰਾ ਨੂੰ ਦੁਨੀਆ ਭਰ ਵਿੱਚ ਪਛਾਣ ਮਿਲ ਰਹੀ ਹੈ। ਅਨੰਤ ਅੰਬਾਨੀ ਦੀ ਅਗਵਾਈ ਹੇਠ ਇੱਥੇ ਦੁਨੀਆ ਭਰ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਜਾਨਵਰਾਂ ਨੂੰ ਲਿਆਂਦਾ ਜਾਂਦਾ ਹੈ, ਜਿਨ੍ਹਾਂ ਦੀ ਹੋਂਦ ਖ਼ਤਰੇ ਵਿੱਚ ਆ ਗਈ ਹੈ। ਵਨਤਾਰਾ ਉਨ੍ਹਾਂ ਸਾਰੇ ਜਾਨਵਰਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਬਣ ਚੁੱਕਾ ਹੈ। ਗਲੋਬਲ ਹਿਊਮਨ ਸੋਸਾਇਟੀ ਨੇ ਵੀ ਅਨੰਤ ਅੰਬਾਨੀ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਹੈ। ਵਨਤਾਰਾ ਵਿੱਚ ਵੱਡੀ ਗਿਣਤੀ ਵਿੱਚ ਜਾਨਵਰਾਂ ਦੀ ਜਾਨ ਬਚਾਈ ਜਾਂਦੀ ਹੈ। ਜਾਨਵਰਾਂ ਪ੍ਰਤੀ ਅਨੰਤ ਅੰਬਾਨੀ ਦੀ ਲਗਨ ਅਤੇ ਉਨ੍ਹਾਂ ਦੇ ਕੰਮ ਨੇ ਭਵਿੱਖ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਕੰਮ ਕੀਤਾ ਹੈ।
ਵਿਸ਼ਵ ਪੱਧਰ ‘ਤੇ ਹੋਈ ਅਨੰਤ ਅੰਬਾਨੀ ਦੀ ਸ਼ਲਾਘਾ
ਗਲੋਬਲ ਹਿਊਮਨ ਸੋਸਾਇਟੀ ਦੀ ਸੀਈਓ ਡਾਕਟਰ ਰੌਬਿਨ ਅਨੁਸਾਰ, ਵਨਤਾਰਾ ਨੂੰ ਗਲੋਬਲ ਹਿਊਮਨ ਸਰਟੀਫਿਕੇਟ ਮਿਲ ਚੁੱਕਾ ਹੈ। ਇਹ ਨਾ ਸਿਰਫ਼ ਵਨਤਾਰਾ ਵਿੱਚ ਜਾਨਵਰਾਂ ਦੀ ਬਿਹਤਰ ਦੇਖਭਾਲ ਨੂੰ ਦਰਸਾਉਂਦਾ ਹੈ, ਬਲਕਿ ਜਾਨਵਰਾਂ ਨੂੰ ਸਨਮਾਨ (ਗਰਿਮਾ) ਨਾਲ ਰਹਿਣ ਦਾ ਵੀ ਅਧਿਕਾਰ ਦਿਵਾਉਂਦਾ ਹੈ। ਅਨੰਤ ਅੰਬਾਨੀ ਦੇ ਵਿਜ਼ਨ ਨੇ ਦੁਨੀਆ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਡਾ. ਰੌਬਿਨ ਨੇ ਕਿਹਾ, “ਵਨਤਾਰਾ ਇੱਕ ਬਚਾਅ ਕੇਂਦਰ ਤੋਂ ਕਿਤੇ ਵੱਧ ਹੈ। ਵਨਤਾਰਾ ਦੇ ਪਿੱਛੇ ਦੀ ਮਹੱਤਵਕਾਂਕਸ਼ਾ ਅਤੇ ਦਰਿਆਦਿਲੀ ਨੇ ਆਧੁਨਿਕਤਾ ਦੇ ਇਸ ਯੁੱਗ ਵਿੱਚ ਜਾਨਵਰਾਂ ਦੀ ਦੇਖਭਾਲ ਲਈ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ।”
ਸਨਮਾਨ ਮਿਲਣ ‘ਤੇ ਕੀ ਬੋਲੇ ਅਨੰਤ ਅੰਬਾਨੀ
ਪ੍ਰੋਗਰਾਮ ਦੌਰਾਨ ਵਨਤਾਰਾ ਦੇ ਸੰਸਥਾਪਕ ਅਨੰਤ ਅੰਬਾਨੀ ਨੇ ਕਿਹਾ, “ਇਸ ਸਨਮਾਨ ਲਈ ਮੈਂ ਗਲੋਬਲ ਹਿਊਮਨ ਸੋਸਾਇਟੀ ਦਾ ਧੰਨਵਾਦ ਕਰਨਾ ਚਾਹਾਂਗਾ। ਮੇਰੇ ਲਈ ਇਹ ਇੱਕ ਸਦੀਵੀ ਸਿਧਾਂਤ ਹੈ – ਸਰਵ ਭੂਤ: ਹਿਤ:, ਜਿਸਦਾ ਅਰਥ ਹੈ ਕਿ ਸਾਰੇ ਪ੍ਰਾਣੀਆਂ ਦਾ ਕਲਿਆਣ ਹੋਵੇ।” ਅਨੰਤ ਅੰਬਾਨੀ ਅਨੁਸਾਰ, “ਜਾਨਵਰ ਸਾਨੂੰ ਮਨੁੱਖਤਾ ਅਤੇ ਵਿਸ਼ਵਾਸ ਵਿਚਕਾਰ ਤਾਲਮੇਲ ਸਥਾਪਤ ਕਰਨ ਦੀ ਸਿੱਖਿਆ ਦਿੰਦੇ ਹਨ। ਵਨਤਾਰਾ ਦੇ ਜ਼ਰੀਏ ਅਸੀਂ ਸਾਰਿਆਂ ਨੂੰ ਸਨਮਾਨ, ਦੇਖਭਾਲ ਅਤੇ ਉਮੀਦ ਦੇਣਾ ਚਾਹੁੰਦੇ ਹਾਂ, ਜੋ ਸੇਵਾ ਨਾਲ ਹੀ ਸੰਭਵ ਹੈ। ਇਹ ਸੰਭਾਲ (Conservation) ਕੱਲ੍ਹ ਲਈ ਨਹੀਂ ਹੈ, ਇਹ ਇੱਕ ਅਜਿਹੀ ਚੀਜ਼ ਹੈ, ਜੋ ਅੱਜ ਵੀ ਓਨੀ ਹੀ ਜ਼ਰੂਰੀ ਹੈ।”
ਗਲੋਬਲ ਹਿਊਮਨ ਸੋਸਾਇਟੀ
ਅਮਰੀਕਨ ਗਲੋਬਲ ਹਿਊਮਨ ਸੋਸਾਇਟੀ ਦੀ ਸਥਾਪਨਾ 1977 ਵਿੱਚ ਹੋਈ ਸੀ। ਇਹ ਜਾਨਵਰਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ। 2010 ਵਿੱਚ ਇਸ ਸੋਸਾਇਟੀ ਨੇ ਡਾਕਟਰ ਰੌਬਿਨ ਨੂੰ ਆਪਣਾ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਸੰਸਥਾ ਨੇ ਹੁਣ ਤੱਕ ਕਰੋੜਾਂ ਜਾਨਵਰਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕੀਤਾ ਹੈ।

