ਜਲੰਧਰ :
ਆਬਕਾਰੀ ਵਿਭਾਗ ਨੇ ਸਤਲੁਜ ਦਰਿਆ ਨੇੜਲੇ ਪਿੰਡਾਂ ’ਚ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਡੇ ਪੱਧਰ ’ਤੇ ਦੇਸੀ ਸ਼ਰਾਬ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਮੁਹਿੰਮ ਦੌਰਾਨ 6 ਹਜ਼ਾਰ ਲੀਟਰ ਲਾਹਣ, 3 ਭੱਠੀਆਂ, 6 ਲੋਹੇ ਦੇ ਡਰੰਮ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-2 ਨਵਜੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀਆਂ ਹਦਾਇਤਾਂ ’ਤੇ ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਆਬਕਾਰੀ ਅਫਸਰ ਜਲੰਧਰ ਵੈਸਟ-ਏ ਸੁਨੀਲ ਗੁਪਤਾ ਦੀ ਨਿਗਰਾਨੀ ’ਚ ਆਬਕਾਰੀ ਵਿਭਾਗ ਦੀ ਟੀਮ ਜਿਸ ’ਚ ਆਬਕਾਰੀ ਨਿਰੀਖਕ, ਨੂਰਮਹਿਲ ਸਰਵਣ ਸਿੰਘ, ਆਬਕਾਰੀ ਨਿਰੀਖਕ ਨਕੋਦਰ ਸਾਹਿਲ ਰੰਗਾ ਸ਼ਾਮਲ ਸਨ, ਵੱਲੋਂ ਆਬਕਾਰੀ ਪੁਲਿਸ ਸਮੇਤ ਅੱਜ ਸਤਲੁਜ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡਾਂ ਬੁਰਜ, ਗਦਰੇ, ਢਗਾਰਾ, ਸੰਗੋਵਾਲ, ਭੋਡੇ, ਵੇਹਰਾਂ, ਕੈਮਵਾਲਾ ਤੇ ਧਰਮੇ ਦੀਆ ਛੰਨਾ ਵਿਖੇ ਵਿਸ਼ੇਸ ਤਲਾਸ਼ੀ ਮੁਹਿੰਮ ਚਲਾਈ ਗਈ। ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-2 ਨਵਜੀਤ ਸਿੰਘ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ 11 ਪਲਾਸਟਿਕ ਤਿਰਪਾਲ (ਹਰੇਕ ’ਚ 500 ਲੀਟਰ) ਲਗਭਗ 5500 ਲੀਟਰ ਲਾਹਣ, 3 ਚਾਲੂ ਭੱਠੀਆਂ ਸਮੇਤ 6 ਲੋਹੇ ਦੇ ਡਰੰਮ ਜਿਨ੍ਹਾਂ ’ਚ ਲਗਭਗ 480 ਲੀਟਰ ਲਾਹਣ, 2 ਖਾਲੀ ਲੋਹੇ ਦੇ ਡਰੰਮ, 1 ਸਿਲਵਰ ਪਤੀਲਾ, ਜਿਸ ’ਚ ਲਗਭਗ 36 ਬੋਤਲਾਂ ਨਾਜਾਇਜ਼ ਸ਼ਰਾਬ, 3 ਰਬੜ ਦੀਆਂ ਟਿਊਬਾਂ, ਜਿਨ੍ਹਾਂ ’ਚ ਲਗਭਗ 250 ਬੋਤਲਾਂ ਨਾਜਾਇਜ਼ ਸ਼ਰਾਬ, 4 ਪਲਾਸਟਿਕ ਦੀਆਂ ਬੋਤਲਾਂ ਤੇ 1 ਪਲਾਸਟਿਕ ਕੈਨ, ਜਿਸ ’ਚ ਲਗਭਗ 17 ਬੋਤਲਾਂ ਨਾਜਾਇਜ਼ ਸ਼ਰਾਬ ਤੇ 4 ਥੈਲੇ ਗੁੜ੍ਹ ਲਗਭਗ 160 ਕਿਲੋਗ੍ਰਾਮ ਲਵਾਰਿਸ ਹਾਲਤ ’ਚ ਮਿਲੇ ਸਨ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਹਨਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਨਾਜਾਇਜ਼ ਸ਼ਰਾਬ ਦੀ ਵਰਤੋਂ ਨਾ ਕਰਨ ਤੇ ਇਸ ਸਬੰਧ ’ਚ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਆਬਕਾਰੀ ਵਿਭਾਗ ਨਾਲ ਸਾਂਝੀ ਕਰਨ ਲਈ ਵੀ ਪ੍ਰੇਰਿਆ ਗਿਆ।