ਚੰਡੀਗੜ੍ਹ :
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਪ੍ਰਸ਼ਾਸਨਿਕ ਵਿਭਾਗ ’ਚ ਨਵੇਂ ਅਧਿਕਾਰੀ ਦੀ ਨਿਯੁਕਤੀ ਹੋਈ ਹੈ। ਸਾਲ 1995 ਬੈਚ ਦੇ ਆਈਏਐੱਸ ਅਧਿਕਾਰੀ ਐੱਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਜੰਮੂ-ਕਸ਼ਮੀਰ ’ਚ ਤਾਇਨਾਤ ਹਨ। ਕਰਨਾਟਕ ’ਚ ਪਹਿਲੀ ਜੂਨ 1967 ਨੂੰ ਜੰਮੇ ਐੱਚ ਰਾਜੇਸ਼ ਪ੍ਰਸਾਦ ਨੇ ਬੀਕਾਮ ਦੀ ਪੜ੍ਹਾਈ ਤੋਂ ਬਾਅਦ ਐੱਲਐਲਬੀ ਦੀ ਡਿਗਰੀ ਲਈ ਤੇ ਇਸ ਤੋਂ ਬਾਅਦ ਇਗਨੂ ਤੇ ਪਾਂਡੂਚੇਰੀ ਯੂਨੀਵਰਸਿਟੀ ਤੋਂ ਫ਼ਾਇਨੈਂਸ ਤੇ ਪਬਲਿਕ ਮੈਨੇਜਮੈਂਟ ’ਚ ਐਮਬੀਏ ਕੀਤੀ। ਸਾਲ 1995 ਬੈਚ ਦੇ ਆਈਏਐੱਸ ਅਧਿਕਾਰੀ ਪ੍ਰਸ਼ਾਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਰੂਣਾਚਲ ਪ੍ਰਦੇਸ਼ ’ਚ ਜ਼ਿਲ੍ਹਾ ਕਲੈਕਟਰ ਦੇ ਤੌਰ ’ਤੇ ਕੀਤੀ। ਇਸ ਤੋਂ ਬਾਅਦ ਉਹ ਦੱਖਣੀ ਦਿੱਲੀ ਦੇ ਡਿਪਟੀ ਕਮਿਸ਼ਨਰ ਵੀ ਰਹੇ। ਦਿੱਲੀ ਪ੍ਰਸ਼ਾਸਨ ’ਚ ਰਹਿੰਦੇ ਹੋਏ ਉਨ੍ਹਾਂ ਨੇ ਸ਼ਹਿਰੀ ਵਿਕਾਸ, ਵਪਾਰ ਤੇ ਕਰ ਵਿਭਾਗ ’ਚ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਬਾਅਦ ’ਚ ਉਹ ਦਿੱਲੀ ਦੇ ਸਿੱਖਿਆ ਤੇ ਸ਼ਹਿਰੀ ਵਿਕਾਸ ਵਿਭਾਗ ’ਚ ਪ੍ਰਿੰਸਪਲ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।