ਜਲੰਧਰ,

ਸੋਮਵਾਰ ਦਿਨ ਚੜਦੇ ਹੀ ਜਲੰਧਰ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਈ.ਮੇਲੰ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਸਕੂਲ ਪ੍ਰਬੰਧਕਾਂ ਨੇ ਬਚਿਆਂ ਦੇ ਮਾਪਿਆਂ ਨੂੰ ਫ਼ੋਨ ਕੀਤਾ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵਾਪਿਸ ਲੈਕੇ ਜਾਣ ਲਈ ਕਿਹਾ ਅਤੇ ਛੁੱਟੀ ਦਾ ਐਲਾਨ ਕੀਤਾ। ਜਦੋਂ ਸਕੂਲ ਪ੍ਰਬੰਧਕ ਘਬਰਾਹਟ ਦੀ ਸਥਿਤੀ ਵਿੱਚ ਸਨ, ਤਾਂ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲਾਂ ਵਿੱਚ ਪਹੁੰਚ ਗਏ ਅਤੇ ਆਪਣੇ ਬੱਚਿਆਂ ਨੂੰ ਲੈ ਗਏ। ਰਿਪੋਰਟ ਅਨੁਸਾਰ, ਇਹ ਧਮਕੀ ਭਰੇ ਈਮੇਲ ਜਲੰਧਰ ਦੇ 11 ਸਕੂਲਾਂ ਨੂੰ ਭੇਜੇ ਗਏ, ਜਿਨ੍ਹਾਂ ਵਿੱਚ ਆਈਵੀਵਾਈ ਵਰਲਡ ਸਕੂਲ, ਕੇਐਮਵੀ ਸੰਸਕ੍ਰਿਤੀ ਸਕੂਲ ਅਤੇ ਸੇਂਟ ਜੋਸਫ਼ ਸਕੂਲ ਸ਼ਾਮਲ ਹਨ। ਇਹ ਈਮੇਲ ਦੀ ਖ਼ਬਰ ਪੂਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਈਮੇਲ ਮਿਲਣ ਤੋਂ ਬਾਅਦ, ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਤੁਰੰਤ ਕਾਰਵਾਈ ਕਰਦੇ ਹੋਏ, ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਟੀਮਾਂ ਉੱਪਰ ਦੱਸੇ ਗਏ ਸਕੂਲਾਂ ਵਿੱਚ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਸਕੂਲਾਂ ਦੇ ਅੰਦਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਸਕੂਲਾਂ ਦੇ ਬਾਹਰ ਫੌਜੀ ਯੂਨਿਟ ਤਾਇਨਾਤ ਕੀਤੇ ਗਏ। ਪੁਲਿਸ ਨੇ ਈਮੇਲ ਆਈਡੀ ਦੀ ਜਾਂਚ ਕਰ ਰਹੀ ਹੈ। ਉਧਰ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲ ਧਮਕੀਆਂ ਮਿਲਣ ਤੋਂ ਬਾਅਦ, ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੁਪਹਿਰ 1 ਵਜੇ ਦੇ ਕਰੀਬ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਲੋਕਾਂ ਨੂੰ ਇਨ੍ਹਾਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10:30 ਵਜੇ ਦੇ ਕਰੀਬ ਵੱਖ-ਵੱਖ ਸਕੂਲਾਂ ਤੋਂ ਉਨ੍ਹਾਂ ਦੇ ਈਮੇਲ ’ਤੇ ਮਿਲੀਆਂ ਧਮਕੀਆਂ ਬਾਰੇ ਕਾਲਾਂ ਆਈਆਂ। ਉਨ੍ਹਾਂ ਤੁਰੰਤ ਇਸ ਮਾਮਲੇ ਬਾਰੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਗੱਲ ਕੀਤੀ ਅਤੇ ਧਮਕੀਆਂ ਪ੍ਰਾਪਤ ਕਰਨ ਵਾਲੇ ਸਾਰੇ ਸਕੂਲਾਂ ਨੂੰ ਬੰਦ ਕਰਨ ਅਤੇ ਜਾਂਚ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਲਗਭਗ 11 ਸਕੂਲਾਂ ਨੂੰ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਈਮੇਲ ਪਤਿਆਂ ਤੋਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਸਬੰਧਤ ਸਕੂਲਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਤੁਰੰਤ ਸਾਬੋਟੇਜ ਵਿਰੋਧੀ ਅਤੇ ਹੋਰ ਸੁਰੱਖਿਆ ਟੀਮਾਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕਿਸੇ ਵੀ ਸਕੂਲ ਵਿੱਚ ਕੋਈ ਸ਼ੱਕੀ ਵਸਤੂ ਜਾਂ ਗਤੀਵਿਧੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਪਹਿਲਾਂ ਹੀ ਸੁਰੱਖਿਆ ਉਪਾਵਾਂ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਕੋਲ ਇੱਕ ਕੇਸ ਦਰਜ ਕੀਤਾ ਗਿਆ ਹੈ ਅਤੇ ਈਮੇਲ ਪਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਏ ਈਮੇਲ ਪਤੇ ਹੁਣ ਤੱਕ ਜਾਅਲੀ ਨਿਕਲੇ ਹਨ, ਪਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਈਮੇਲ ਪਤਿਆਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਸਕੂਲਾਂ ਨੂੰ ਈਮੇਲ ਨਹੀਂ ਮਿਲੀ, ਉਨ੍ਹਾਂ ਸਕੂਲ ਪ੍ਰਬੰਧਨ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਲਾਹ ਦਿੱਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਕਈ ਪ੍ਰਾਈਵੇਟ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ , ਤੁਰੰਤ ਸਕੂਲ ਕੀਤੇ ਬੰਦ, ਪੈਦਾ ਹੋਇਆ ਦਹਿਸ਼ਤ ਦਾ ਮਾਹੌਲ
Leave a Comment

