ਜਲੰਧਰ,
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਜਲੰਧਰ ਪੁਲਿਸ ਦੇ ਬਹਾਦਰ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁਲਿਸ ਲਾਈਨ ਜਲੰਧਰ ਵਿਖੇ ਪੁਲਿਸ ਸ਼ਹੀਦੀ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਸ਼ੂਰਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਨੇ ਪੁਲਿਸ ਵਿਭਾਗ ਦੀ ਸੇਵਾ ਅਤੇ ਜਨਤਾ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿਆਰਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਬਲੀਦਾਨ ‘ਤੇ ਮਾਣ ਪ੍ਰਗਟ ਕੀਤਾ । ਸਮਾਗਮ ਦੌਰਾਨ ਪਰਿਵਾਰਾਂ ਨੇ ਆਪਣੇ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਵੀ ਗੱਲ ਕੀਤੀ।ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਵਜੋਂ ਤੋਹਫ਼ੇ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਸਮਾਗਮ ਦੀ ਸਮਾਪਤੀ ਸਾਂਝੇ ਭੋਜਨ ਨਾਲ ਕੀਤੀ ਗਈ, ਜੋ ਏਕਤਾ, ਯਾਦਗਾਰੀ ਅਤੇ ਬਹਾਦਰ ਸ਼ਹੀਦਾਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਦੇ ਸਾਂਝੇ ਸੰਕਲਪ ਦਾ ਪ੍ਰਤੀਕ ਸੀ। ਜਲੰਧਰ ਕਮਿਸ਼ਨਰੇਟ ਪੁਲਿਸ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ ਅਤੇ ਵਿਭਾਗ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਅੱਗੇ ਵੀ ਜਨਤਾ ਦੀ ਸੁਰੱਖਿਆ ਲਈ ਪੂਰੇ ਸਮਰਪਣ ਨਾਲ ਕੰਮ ਕਰਦਾ ਰਹੇਗਾ।