ਤਰਨਤਾਰਨ : 
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੁੱਲਰ ਵਿਖੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਵਾਲੇ ਇਕ ਸ਼ੂਟਰ ਨੂੰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸੋਮਵਾਰ ਦੇਰ ਸ਼ਾਮ ਮੁਕਾਬਲੇ ਵਿਚ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੁਵੱਲੀ ਗੋਲ਼ੀਬਾਰੀ ਦੌਰਾਨ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੇ ਵੀ ਗੋਲ਼ੀ ਲੱਗੀ ਹੈ। ਦੱਸ ਦਈਏ ਕਿ ਇਕ ਦਸੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੁੱਲਰ ਵਿਖੇ ਅੱਡੇ ਉੱਪਰ ਕਰਿਆਨੇ ਦੀ ਦੁਕਾਨ ਕਰਦੇ ਦਲਜੀਤ ਸਿੰਘ (36) ਨੂੰ ਬਾਈਕ ਸਵਾਰ ਦੋ ਜਣਿਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਸਨ। ਤਿੰਨ ਗੋਲ਼ੀਆਂ ਲੱਗਣ ਕਾਰਨ ਦਲਜੀਤ ਸਿੰਘ ਦੀ ਮੌਤ ਹੋ ਗਈ। ਜਦੋਂਕਿ ਗੋਲੀਆਂ ਮਾਰਨ ਵਾਲੇ ਜਾਂਦੇ ਹੋਏ ਗੱਲੇ ਵਿੱਚੋਂ ਕੁਝ ਨਕਦੀ ਵੀ ਲੈ ਗਏ। ਪੁਲਿਸ ਨੇ ਥਾਣਾ ਸਦਰ ਤਰਨਤਾਰਨ ’ਚ ਉਕਤ ਹੱਤਿਆ ਸਬੰਧੀ ਕੇਸ ਦਰਜ ਕਰਕੇ ਜਿਥੇ ਕਾਤਲਾਂ ਦੀ ਪਛਾਣ ਕੀਤੀ,ਉੱਥੇ ਇਕ ਜਗਰੂਪ ਸਿੰਘ ਨਾਮਕ ਸ਼ੂਟਰ ਪੁਲਿਸ ਦੇ ਹੱਥੇ ਚੜ੍ਹ ਗਿਆ। ਜਦੋਂਕਿ ਦੂਸਰਾ ਮੁੱਖ ਸ਼ੂਟਰ ਜਿਸਦੀ ਪਛਾਣ ਸੁੱਖ ਕੋਟਲੀ ਵਜੋਂ ਦੱਸੀ ਜਾ ਰਹੀ ਹੈ, ਸੋਮਵਾਰ ਦੇਰ ਸ਼ਾਮ ਗੋਇੰਦਵਾਲ ਸਾਹਿਬ ਦੀ ਇੰਡਸਟਰੀ ਇਲਾਕੇ ਵਿਚ ਬੰਦ ਪਈ ਇਕ ਸ਼ੂ ਫੈਕਟਰੀ ’ਚ ਪੁਲਿਸ ਨਾਲ ਉਸਦਾ ਦਾ ਮੁਕਾਬਲਾ ਹੋ ਗਿਆ ਅਤੇ ਦੁਵੱਲੀ ਗੋਲ਼ੀਬਾਰੀ ਦੌਰਾਨ ਉਸ ਨੂੰ ਢੇਰ ਕਰ ਦਿੱਤਾ ਗਿਆ। ਜਦੋਂਕਿ ਇਸ ਦੌਰਾਨ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਤੇ ਉਸਦੇ ਗਨਮੈਨ ਵੀ ਜ਼ਖ਼ਮੀ ਹੋਇਆ ਹੈ।

