ਬਲੂ ਸਟਾਰ ਲਈ ਇੰਦਰਾ ਗਾਂਧੀ ਪੂਰੀ ਤਰ੍ਹਾਂ ਜ਼ਿੰਮੇਵਾਰ, ਸਿੱਖਾਂ ਨੂੰ ਦਬਾਉਣ ਦੀ ਚਾਲਬਾਜ਼ੀ ਬੰਦ ਕਰੇ ਕਾਂਗਰਸ-ਇੰਦਰਬੀਰ ਸਿੰਘ ਨਿੱਝਰ
ਕਾਂਗਰਸ ਦੇ ਜ਼ੁਲਮ ਕਦੇ ਵੀ ਭੁਲਾਏ ਨਹੀਂ ਜਾ ਸਕਦੇ; ਜਗਦੀਸ਼ ਟਾਈਟਲਰ-ਕਮਲ ਨਾਥ ਨੂੰ ਕਦੋਂ ਤੱਕ ਬਚਾਓਗੇ?: ਕੰਗ ਤੇ ਨਿੱਝਰ
‘ਆਪ’ ਆਗੂਆਂ ਨੇ 1984 ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ, ਚਿਦਾਂਬਰਮ ਦਾ ਬਿਆਨ ਸਿੱਖਾਂ ਦੇ ਜ਼ਖਮ ਹਰੇ ਕਰਨ ਦੀ ਕੋਸ਼ਿਸ਼
ਚੰਡੀਗੜ੍ਹ,
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਦੇ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਦਿੱਤੇ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਦੋਵਾਂ ਆਗੂਆਂ ਨੇ ਸਵਾਲ ਕੀਤਾ ਕਿ ਕਾਂਗਰਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਾਰ-ਵਾਰ ਆਹਤ ਕੀਤਾ, ਅੱਜ ਵੀ ਰਾਹੁਲ ਗਾਂਧੀ ਸਿੱਖਾਂ ਦੇ ਗੁਨਾਹਗਾਰ ਜਗਦੀਸ਼ ਟਾਈਟਲਰ ਨੂੰ ਆਪਣੇ ਨਾਲ ਕਿਉਂ ਰੱਖਦੇ ਹਨ? ਜਦੋਂ ਕਿ ਕਾਂਗਰਸ ਹਾਲੇ ਵੀ ਇਸ ਦੇ ਮੁੱਖ ਦੋਸ਼ੀਆਂ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਅਹੁਦੇ ਦੇ ਕੇ ਸਨਮਾਨਿਤ ਕਰ ਰਹੀ ਹੈ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੇ ਜ਼ੁਲਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕੰਗ ਨੇ ਸਵਾਲ ਕੀਤਾ ਕਿ ਇਹ ਉਹੀ ਕਾਂਗਰਸ ਹੈ, ਜਿਸ ਨੇ ਸ਼ਰੇਆਮ ਸਿੱਖਾਂ ਦੀ ਦਿੱਲੀ ‘ਚ ਹੋਈ ਨਸਲਕੁਸ਼ੀ ‘ਚ ਸ਼ਾਮਿਲ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਲੋਕਾਂ ਨੂੰ ਅੱਜ ਤੱਕ ਸਨਮਾਨਿਤ ਕੀਤਾ ਹੈ, ਮੁੱਖ ਮੰਤਰੀ ਅਤੇ ਵੱਡੇ-ਵੱਡੇ ਅਹੁਦੇ ਦਿੱਤੇ ਹਨ। ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਦੱਸਣ ਕਿ ਇਨ੍ਹਾਂ ਨੂੰ ਕਦੋਂ ਤੱਕ ਮੁੱਖ ਮੰਤਰੀ ਤੇ ਵੱਡੇ-ਵੱਡੇ ਅਹੁਦੇ ਦਿੰਦੇ ਰਹਿਣਗੇ?” ਉਨ੍ਹਾਂ ਨੇ ਚਿਦਾਂਬਰਮ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਰਫ਼ ਕਹਿ ਦੇਣਾ ਕਿ ਉਹ ਗਲਤ ਸੀ, ਇਸ ਨਾਲ ਕਾਂਗਰਸ ਦੇ ਜੁਰਮ ਅਤੇ ਪਾਪ ਖਤਮ ਨਹੀਂ ਹੋ ਜਾਣੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ਸਿੱਖਾਂ ਉੱਤੇ ਕੀਤੇ ਗਏ ਅੱਤਿਆਚਾਰਾਂ ਦੇ ਜ਼ਖਮ ਅੱਜ ਵੀ ਦੁਨੀਆਂ ਭਰ ਦੇ ਸਿੱਖਾਂ ਦੇ ਦਿਲਾਂ ਵਿੱਚ ਹਰੇ ਹਨ। ‘ਆਪ’ ਆਗੂ ਨੇ ਕੇ ਕਿਹਾ ਕਿ ਸਿੱਖ ਕਾਂਗਰਸ ਦੇ ਅੱਤਿਆਚਾਰਾਂ ਅਤੇ ਸਿੱਖਾਂ ਦੇ ਕਤਲੇਆਮ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਅਤੇ ਇਸ ਲਈ ਕਾਂਗਰਸ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ‘ਆਪ’ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਓਪਰੇਸ਼ਨ ਨੀਲਾ ਤਾਰਾ (ਬਲੂ ਸਟਾਰ) ਦੇ ਸੰਬੰਧ ਵਿੱਚ ਚਿਦਾਂਬਰਮ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਮੰਨਣਾ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ‘ਚ ਸਿਰਫ਼ ਇੰਦਰਾ ਗਾਂਧੀ ਦਾ ਨਹੀਂ, ਸਗੋਂ ਫ਼ੌਜ ਅਤੇ ਇੰਟੈਲੀਜੈਂਸ ਏਜੰਸੀਆਂ ਦਾ ਵੀ ਰੋਲ ਸੀ, ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਕ ਵਿੱਚ ਜੋ ਵੀ ਹੁੰਦਾ ਹੈ ਉਹ ਹੈਡ ਆਫ਼ ਦਾ ਸਟੇਟ ਦੀ ਸਹਿਮਤੀ ਨਾਲ ਹੁੰਦਾ ਹੈ। ਦੇਸ਼ ਵਿਚ ਜਦੋਂ ਆਪ੍ਰੇਸ਼ਨ ਬਲੂ ਸਟਾਰ ਹੋਇਆ, ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ ਅਤੇ ਉਹ ਇਸ ਸਾਰੇ ਘਟਨਾਕ੍ਰਮ ਲਈ ਜਿੰਮੇਵਾਰ ਸਨ। ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਸਿੱਖ ਇਸ ਲਈ ਕਦੇ ਵੀ ਇੰਦਰਾ ਗਾਂਧੀ ਅਤੇ ਸਮੂਚੀ ਕਾਂਗਰਸ ਨੂੰ ਮੁਆਫ ਨਹੀਂ ਕਰ ਸਕਦੇ।ਨਿੱਝਰ ਨੇ 1984 ਦੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਦੀ ਮਜਬੂਰੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੇ ਸਿੱਖਾਂ ਨੂੰ ਭੜਕਾਉਣ ਅਤੇ ਮਾਰਨ ਲਈ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਨ੍ਹਾਂ ਲੋਕਾਂ ਨੂੰ ਮਿਨਿਸਟਰੀਆਂ ਅਤੇ ਸੀ.ਐਮ. ਸ਼ਿਪ ਦਿੱਤੀਆਂ, ਜੋ ਇਹ ਸਾਫ਼ ਜ਼ਾਹਿਰ ਕਰਦਾ ਹੈ ਕਿ ਕਾਂਗਰਸ ਦਾ ਇਰਾਦਾ ਬਿਲਕੁਲ ਨੇਕ ਨਹੀਂ ਹੈ। ਨਿੱਝਰ ਨੇ ਕਿਹਾ ਕਿ ਉਹ ਸਿੱਖਾਂ ਦੇ ਹਿਤਾਇਸ਼ੀ ਨਹੀਂ ਹਨ ਅਤੇ ਉਹ ਇਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਦਬਾਇਆ ਜਾਵੇ ।
ਆਖਰ ਵਿੱਚ ਦੋਵਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਆਪਣੀਆਂ ਅਜਿਹੀਆਂ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।