ਚੰਡੀਗੜ੍ਹ: 
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਬਿਜਲੀ ਸੋਧ ਬਿੱਲ 2025,ਬੀਜ ਐਕਟ ਦੇ ਖਰੜੇ ਰੱਦ ਕਰਵਾਉਣ, ਹੜ੍ਹਾਂ ਦਾ ਮੁਆਵਜ਼ਾ ਤੇ ਪਰਾਲੀ ਸਬੰਧੀ ਕੀਤੇ ਪਰਚਿਆਂ ਦੇ ਮੁੱਦੇ ਨੂੰ ਲੈਕੇ 5 ਦਸੰਬਰ ਨੂੰ ਪੰਜਾਬ ਭਰ ਵਿੱਚ 2 ਘੰਟੇ 1 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚੀ ਜਾਵੇਗੀ। ਇਸ ਐਕਸ਼ਨ ਨੂੰ ਕਾਮਯਾਬ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਗਾ ਰੇਲਵੇ ਸਟੇਸ਼ਨ, ਫਾਜ਼ਿਲਕਾ, ਕਪੂਰਥਲਾ, ਮੁਕਤਸਰ, ਲੁਧਿਆਣਾ, ਫਿਰੋਜ਼ਪੁਰ,ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿੱਚ ਦਰਜਨਾਂ ਥਾਵਾਂ ਉਤੇ 2 ਘੰਟੇ ਸੰਕੇਤ ਤੌਰ ‘ਤੇ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਦਾ ਖਰੜਾ ਬਗੈਰ ਕਿਸੇ ਹਿੱਸੇਦਾਰ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਲੈ ਕੇ ਆਈ ਹੈ,ਇਹ ਸੰਵਿਧਾਨ ਦੇ ਸੰਘੀ ਢਾਂਚੇ ਤੇ ਰਾਜਾ ਦੇ ਅਧਿਕਾਰ ਉਤੇ ਡਾਕਾ ਹੈ, ਇਸ ਸੋਧ ਬਿੱਲ ਨਾਲ ਬਿਜਲੀ ਦਾ ਕੇਂਦਰੀਕਰਨ ਕਰ ਕੇ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਤਿਆਰੀ ਹੈ, ਇਸ ਨਾਲ ਗਰੀਬ ਲੋਕਾਂ ਨੂੰ ਮਿਲਦੀ ਕਰਾਸ ਸਬਸਿਡੀ ਤੇ ਸਬਸਿਡੀ ਖ਼ਤਮ ਹੋ ਜਾਣੀ ਹੈ। ਬਿਜਲੀ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋਣ ਦੇ ਨਾਲ-ਨਾਲ ਬਿਜਲੀ ਮੁਲਾਜ਼ਮਾਂ ਦਾ ਵੱਡੇ ਪੱਧਰ ਉਤੇ ਰੁਜ਼ਗਾਰ ਵੀ ਖ਼ਤਮ ਹੋਣਾ ਹੈ। ਤ੍ਰਾਸਦੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਵੀ ਕੇਂਦਰ ਸਰਕਾਰ ਨਾਲ ਇਸ ਮੁੱਦੇ ਉਤੇ ਪੂਰੀ ਤਰ੍ਹਾਂ ਸਹਿਮਤੀ ਹੈ ਤੇ ਦੇਸ਼ ਦਾ ਕੋਈ ਵੀ ਰਾਜਨੀਤਿਕ ਦਲ ਇਸ ਮੁੱਦੇ ਉਤੇ ਨਹੀਂ ਬੋਲ ਰਿਹਾ। ਇਸ ਲਈ ਪੰਜਾਬ ਭਰ ਵਿੱਚ ਕਿਸਾਨ,ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ 5 ਦਸੰਬਰ ਨੂੰ 2 ਘੰਟੇ ਰੇਲ ਰੋਕੋ ਐਕਸ਼ਨ ਵਿੱਚ ਸ਼ਾਮਲ ਹੋ ਕੇ ਆਪਣਾ ਰੋਸ ਜ਼ਾਹਰ ਕਰੋ। ਕਿਸਾਨ ਆਗੂ ਨੇ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕੀਤਾ ਜਾਵੇ, ਬੀਜ ਐਕਟ ਨੂੰ ਕੇਂਦਰ ਸਰਕਾਰ ਰੱਦ ਕਰੇ, ਹੜਾਂ ਦਾ ਮੁਆਵਜ਼ਾ ਤਰੁੰਤ ਦਿੱਤਾ ਜਾਵੇ ਤੇ ਪਰਾਲੀ ਸਬੰਧੀ ਕਿਸਾਨਾਂ ਉਤੇ ਕੀਤੇ ਜੁਰਮਾਨੇ,ਪਰਚੇ ਤੇ ਰੈੱਡ ਐਂਟਰੀਆਂ ਰੱਦ ਕੀਤੇ ਜਾਣ , PRTC ਦੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ 29 ਕਿਰਤ ਕਾਨੂੰਨ ਤਰੁੰਤ ਵਾਪਸ ਲਏ ਜਾਣ।

