, ਚੰਡੀਗੜ੍ਹ :
ਉਤਪਾਦਨ ਵਧਾਉਣ ਲਈ ਚੰਗੀ ਨਸਲ ਦੇ ਪਸ਼ੂ ਤਿਆਰ ਕਰਨ ਅਤੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਪੰਜਾਬ ਅਤੇ ਕੇਰਲਾ ਨੇ ਪਸ਼ੂ ਪਾਲਣ ਦੇ ਖੇਤਰ ਵਿਚ ਇੱਕ-ਦੂਜੇ ਦੀਆਂ ਵਿਲੱਖਣ ਸਮਰੱਥਾ ਦਾ ਲਾਭ ਉਠਾ ਕੇ ਪਸ਼ੂਧਨ ਦੀ ਉਤਪਾਦਕਤਾ ਨੂੰ ਵਧਾਉਣ ਲਈ ਸਮਝੌਤਾ ਕੀਤਾ ਹੈ। ਇਸ ਰਣਨੀਤਕ ਸਹਿਯੋਗ ਵਿਚ ਉੱਚ-ਗੁਣਵੱਤਾ ਵਾਲੀ ਜੈਨੇਟਿਕ ਸਮੱਗਰੀ ਦਾ ਅਦਾਨ-ਪ੍ਰਦਾਨ ਕਰਨਾ ਸ਼ਾਮਲ ਹੈ, ਜਿਸ ਤਹਿਤ ਕੇਰਲਾ ਵਲੋਂ ਪੰਜਾਬ ਤੋਂ ਸਾਹੀਵਾਲ ਨਸਲ ਦੇ ਸਾਨ੍ਹ ਖਰੀਦੇ ਜਾਣਗੇ। ਇਸ ਦੇ ਬਦਲੇ ਵਿਚ ਪੰਜਾਬ ਵੱਲੋਂ ਕੇਰਲਾ ਤੋਂ ਹੋਲਸਟਾਈਨ ਫ੍ਰਾਈਜ਼ੀਅਨ (ਐਚਐਫ) ਅਤੇ ਮੁਰ੍ਹਾ ਨਸਲ ਦੇ ਸਾਨ੍ਹਾਂ ਦਾ ਸੀਮਨ ਪ੍ਰਾਪਤ ਕਰੇਗਾ। ਪੰਜਾਬ ਨੇ ਕੇਰਲਾ ਪਸ਼ੂਧਨ ਵਿਕਾਸ ਬੋਰਡ ਤੋਂ ਐਚਐਫ ਸੀਮਨ ਦੀਆਂ 30,000 ਖੁਰਾਕਾਂ ਅਤੇ ਮੁਰ੍ਹਾ ਬਫਲੋ ਸੀਮਨ ਦੀਆਂ 60,520 ਖੁਰਾਕਾਂ ਖਰੀਦਣ ਦਾ ਸ਼ੁਰੂਆਤੀ ਆਰਡਰ ਦਿੱਤਾ ਹੈ।ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੇਰਲਾ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਜੇ. ਚਿੰਚੂ ਰਾਣੀ ਦਰਮਿਆਨ ਇੱਥੇ ਸਿਵਲ ਸਕੱਤਰੇਤ ’ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਹੈ। ਖੁੱਡੀਆਂ ਨੇ ਦੱਸਿਆ ਕਿ ਪੰਜਾਬ ਅਤੇ ਕੇਰਲਾ ਚੰਗੀ ਨਸਲ ਦੇ ਪਸ਼ੂਧਨ ਤਿਆਰ ਕਰਨ ਲਈ ਉੱਨਤ ਪ੍ਰਜਨਨ ਤਕਨਾਲੋਜੀਆਂ ‘ਤੇ ਸਹਿਯੋਗ ਲਈ ਸਹਿਮਤ ਹੋਏ ਹਨ। ਇਸ ਸਾਂਝੇਦਾਰੀ ਵਿੱਚ ਤੇਜ਼ੀ ਨਾਲ ਨਸਲ ਸੁਧਾਰ ਵਾਸਤੇ ਐਮਬ੍ਰਿਓ ਟ੍ਰਾਂਸਫਰ (ਈਟੀ) ਅਤੇ ਇਨ-ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਵਰਗੇ ਅਤਿ-ਆਧੁਨਿਕ ਵਿਗਿਆਨਕ ਪ੍ਰੋਗਰਾਮਾਂ ‘ਤੇ ਸਾਂਝੇ ਉਪਰਾਲੇ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਦੋਵੇਂ ਰਾਜ ਉੱਤਮ ਪਸ਼ੂਧਨ ਜੈਨੇਟਿਕ ਵਿਕਸਤ ਕਰਨ ਲਈ ਪ੍ਰਯੋਗਸ਼ਾਲਾ ਪੱਧਰ ‘ਤੇ ਜੀਨੋਮਿਕ ਸਿਲੈਕਸ਼ਨ ਅਤੇ ਪ੍ਰਜਨਨ ਮੁੱਲ ਅਨੁਮਾਨ ‘ਤੇ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਦਾ ਉਦੇਸ਼ ਦੋਵਾਂ ਰਾਜਾਂ ਵਿਚ ਪਸ਼ੂਆਂ ਦੀ ਗੁਣਵੱਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਲਾਭ ਉਠਾਉਣਾ ਹੈ। ਖੁੱਡੀਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਭਾਈਵਾਲੀ ਨਹੀਂ ਸਗੋਂ ਪਸ਼ੂ ਪਾਲਣ ਖੇਤਰ ਵਿਚ ਉੱਤਰੀ ਅਤੇ ਦੱਖਣੀ ਭਾਰਤ ਦੀਆਂ ਸਮਰੱਥਾਵਾਂ ਦੇ ਆਦਾਨ-ਪ੍ਰਦਾਨ ਲਈ ਇੱਕ ਪੁਲ ਹੈ।