ਮੀਂਹ ਤੇ ਹੜ੍ਹ ਪ੍ਰਭਾਵਿਤ ਸਾਰੇ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਦਾ ਦਿੱਤਾ ਭਰੋਸਾ, 573 ਘਰਾਂ ਦਾ ਕੀਤਾ ਜਾ ਚੁੱਕੈ ਸਰਵੇਖਣ
ਕਿਹਾ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ’ਚ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ
ਮੀਂਹ ਪ੍ਰਭਾਵਿਤ ਪਰਿਵਾਰਾਂ ਨੇ ਮੁੜ ਵਸੇਬੇ ਲਈ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ
ਜਲੰਧਰ, (major times )
ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ’ਚ ਹੋਰ ਤੇਜ਼ੀ ਲਿਆਉਂਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਅੱਜ ਉਨ੍ਹਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੀ ਵੰਡ ਕੀਤੀ, ਜਿਨ੍ਹਾਂ ਨੂੰ ਹਾਲ ਹੀ ਵਿੱਚ ਹੋਈ ਲਗਾਤਾਰ ਬਾਰਿਸ਼ ਦੌਰਾਨ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪ੍ਰਭਾਵਿਤਾਂ ਨੂੰ ਚੈੱਕ ਸੌਂਪਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਫੰਡ ਜਾਰੀ ਕੀਤੇ ਗਏ ਹਨ। ਇਸ ਵਿੱਚੋਂ 5 ਕਰੋੜ ਰੁਪਏ ਜਲੰਧਰ ਜ਼ਿਲ੍ਹੇ ਲਈ ਰੱਖੇ ਗਏ ਹਨ, ਜੋ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਲੋਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੰਡੇ ਜਾ ਰਹੇ ਹਨ। ਉਨ੍ਹਾਂ ਇੱਕ ਪਰਿਵਾਰ ਨੂੰ 1.20 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ, ਜਿਸਦਾ ਪੂਰਾ ਘਰ ਇਸ ਹਫ਼ਤੇ ਸ਼ਹਿਰ ਵਿੱਚ ਪਈ ਭਾਰੀ ਬਾਰਿਸ਼ ਵਿੱਚ ਢਹਿ ਗਿਆ ਸੀ। ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਆਪਣੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ‘ਇਸ ਆਫ਼ਤ ਨੇ ਭਾਵੇਂ ਸਾਡੇ ਘਰਾਂ ਅਤੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਇਹ ਸਾਡੀ ਇਕਜੁੱਟਤਾ ਦੀ ਭਾਵਨਾ ਨੂੰ ਕਮਜ਼ੋਰ ਨਹੀਂ ਕਰ ਸਕਦੀ। ਪੰਜਾਬੀਆਂ ਨੇ ਚੁਣੌਤੀਆਂ ਦਾ ਹਮੇਸ਼ਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਇਨ੍ਹਾਂ ਹੜ੍ਹਾਂ ਦੌਰਾਨ ਉਨ੍ਹਾਂ ਦਾ ਮਨੁੱਖਤਾਵਾਦੀ ਯੋਗਦਾਨ ਸੱਚਮੁੱਚ ਸ਼ਲਾਘਾਯੋਗ ਹੈ।’ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਵਿਆਪਕ ਮੁਲਾਂਕਣ ਪਹਿਲਾਂ ਹੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ 573 ਘਰਾਂ ਦਾ ਸਰਵੇਖਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਸਮੇਂ ਸਿਰ ਰਾਹਤ ਪਹੁੰਚਾਉਣ ਲਈ 1 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਰਹੀ ਹੈ। ਅੱਜ ਦੀ ਸਹਾਇਤਾ ਪ੍ਰਭਾਵਿਤਾਂ ਦੀ ਮਦਦ ਲਈ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ। ਡਾ. ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਿੱਤੀ ਸਹਾਇਤਾ ਵੰਡੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਰਿਵਾਰ ਸਹਾਇਤਾ ਤੋਂ ਬਿਨਾਂ ਵਾਂਝਾ ਨਾ ਰਹੇ। ਉਨ੍ਹਾਂ ਬਸਤੀ ਗੁਜਾਂ ਵਿੱਚ ਬਾਰਿਸ਼ ਕਾਰਨ ਛੱਤ ਡਿਗਣ ਨਾਲ ਪ੍ਰਭਾਵਿਤ ਪਰਿਵਾਰ ਨੂੰ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣੇ ਨੁਕਸਾਨ ਦੀ ਸੂਚਨਾ ਹੈਲਪਲਾਈਨ ਵਟਸਐਪ ਨੰਬਰ 9646222555 ‘ਤੇ ਮੈਸੇਜ ਰਾਹੀਂ ਦੇਣ ਦੀ ਅਪੀਲ ਕੀਤੀ, ਜਿਸ ’ਤੇ ਰਾਹਤ ਟੀਮਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਬਰਤਨ ਅਤੇ ਰਾਸ਼ਨ ਸਮੇਤ ਰਾਹਤ ਸਮੱਗਰੀ ਵੀ ਵੰਡੀ। ਉਨ੍ਹਾਂ ਨੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ, ਉਨ੍ਹਾਂ ਨੂੰ ਆਮ ਸਥਿਤੀ ਬਹਾਲ ਹੋਣ ਤੱਕ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਦੋਵਾਂ ਨੇ ਇਸ ਗੱਲ ਜ਼ੋਰ ਦਿੱਤਾ ਕਿ ਸਰਕਾਰ ਦੀ ਤਰਜੀਹ ਪ੍ਰਭਾਵਿਤ ਪਰਿਵਾਰਾਂ ਦਾ ਮੁੜ ਵਸੇਬਾ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਦਾ ਮੁੜ ਨਿਰਮਾਣ ਹੈ। ਬਸਤੀ ਗੁਜਾਂ ਦੀ ਵਸਨੀਕ ਮੀਨੂੰ ਵਾਲੀਆ, ਜਿਸ ਨੂੰ ਆਪਣੀ ਨੁਕਸਾਨੀ ਛੱਤ ਦੀ ਮੁਰੰਮਤ ਲਈ 1.20 ਲੱਖ ਰੁਪਏ ਦਾ ਚੈੱਕ ਮਿਲਿਆ, ਨੇ ਇਸ ਤੁਰੰਤ ਰਾਹਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਹ ਰਾਹਤ ਉਸਦੇ ਪਰਿਵਾਰ ਦੇ ਮੁੜ ਵਸੇਬੇ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ । ਉਸ ਨੇ ਇਸ ਸਹਾਇਤਾ ਨੂੰ ਸਰਕਾਰ ਵੱਲੋਂ ਦਿੱਤੀ ਗਈ ਬਹੁਤ ਹੀ ਲੋੜੀਂਦੀ ਰਾਹਤ ਦੱਸਿਆ।