ਜਲੰਧਰ :
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਗ਼ਦਰੀ ਬਾਬਿਆਂ ਦੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਯਾਦਗਾਰ ਹਾਲ ਦੇ ਸਾਰੇ ਵਿਹੜਿਆਂ ’ਚ ਟੈਂਟਾਂ ਦੇ ਨਾਲ਼-ਨਾਲ਼ ਦੇਸ਼ਾਂ ਭਗਤਾਂ ਦੀਆਂ ਤਸਵੀਰਾਂ ਤੇ ਗ਼ਦਰ ਪਾਰਟੀ ਦੇ ਝੰਡੇ ਸਜਾਏ ਜਾ ਚੁੱਕੇ ਹਨ। ਹਾਲ ਦੀ ਇਮਾਰਤ ਨੂੰ ਬਿਜਲਈ ਲੜੀਆਂ ਨਾਲ ਸ਼ਿੰਗਾਰਿਆ ਜਾ ਚੁੱਕਾ ਹੈ। 34ਵਾਂ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਗ਼ਦਰੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਮੇਲੇ ਸਬੰਧੀ ਸੱਦਾ ਪੱਤਰ ਤੇ ਦੇਸ਼ ਭਗਤਾਂ ਦੇ ਪਿੰਡਾਂ ਨੂੰ ਬੁਲਾਵੇ ਦੀਆਂ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗਦਰੀ ਬਾਬਿਆਂ ਦੇ ਮੇਲੇ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇੰਗਲੈਂਡ, ਕੈਨੇਡਾ ਤੇ ਵੱਖ-ਵੱਖ ਮੁਲਕਾਂ ਤੋਂ ਮੇਲਾ ਪ੍ਰੇਮੀ ਪੁੱਜਣੇ ਸ਼ੁਰੂ ਹੋ ਗਏ ਹਨ। ਦੇਸ਼ ਭਗਤਾਂ ਦੇ ਪਿੰਡਾਂ ’ਚ ਬਣੀਆਂ ਪੰਜਾਬ ਭਰ ਦੀਆਂ ਕਮੇਟੀਆਂ ਨੂੰ ਬੁਲਾਵਾ ਭੇਜਿਆ ਗਿਆ ਹੈ ਉਹ ਸੋਵੀਨਰ ਲੋਕ ਅਰਪਣ ਕਰਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਮੰਚ ’ਤੇ ਸੁਸ਼ੋਭਿਤ ਹੋਣ ਲਈ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਮੌਕੇ ਜ਼ਰੂਰ ਹਾਲ ’ਚ ਪਹੁੰਚ ਜਾਣ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਲੋਕ ਕਲਾ ਮੰਚ ਮਾਨਸਾ, ਮੰਚ ਰੰਗ ਮੰਚ ਅੰਮ੍ਰਿਤਸਰ, ਪ੍ਰੋਗਰੈਸਿਵ ਆਰਟਿਸਟਸ ਨਵੀਂ ਦਿੱਲੀ, ਛਤੀਸਗੜ੍ਹ, ਅਦਾਕਾਰ ਮੰਚ ਮੁਹਾਲੀ, ਚੰਡੀਗੜ੍ਹ ਸਕੂਲ ਆਫ਼ ਡਰਾਮਾ, ਵੱਖ-ਵੱਖ ਥਾਵਾਂ ’ਤੇ ਵਰਕਸ਼ਾਪਾਂ ’ਚ ਨਾਟਕ ਤੇ ਗੀਤ ਸੰਗੀਤ ਤਿਆਰ ਕਰ ਰਹੇ ਹਨ। ਸੰਗੀਤ ਦੀਆਂ ਤਿਆਰੀਆਂ ਲਈ ਮਸਾਣੀ, ਭਦੌੜ, ਰਸੂਲਪੁਰ, ਗੜ੍ਹਦੀਵਾਲਾ, ਮਾਨਵਤਾ ਕਲਾ ਮੰਚ ਨਗਰ, ਮਾਨਸਾ, ਜਗਸੀਰ ਜੀਦਾ ਤੇ ਹੋਰ ਕਿੰਨੀਆਂ ਥਾਵਾਂ ਤੋਂ ਤਿਆਰੀਆਂ ਕਰਕੇ ਕਲਾਕਾਰ ਹੁੰਮ ਹੁਮਾ ਕੇ ਪੁੱਜ ਰਹੇ ਹਨ। ਝੰਡੇ ਦਾ ਗੀਤ ਤਿਆਰ ਕਰਦੇ ਪ੍ਰਾਇਮਰੀ ਸਕੂਲਾਂ ਤੱਕ ਦੇ ਵਿਦਿਆਰਥੀ ਨਿਠਕੇ ਆਪਣੇ ਸਕੂਲ ਦੀ ਪੜ੍ਹਾਈ ਲਈ ਵੀ ਸਮਾਂ ਕੱਢਦੇ ਹਨ। ਵਰਕਸ਼ਾਪ ’ਚ ਸ਼ਾਮਲ 100 ਕਲਾਕਾਰਾਂ ’ਚ ਵੱਡੀ ਗਿਣਤੀ ਬੇਜ਼ਮੀਨੇ ਤੇ ਸਾਧਨ ਵਿਹੂਣੇ ਪਰਿਵਾਰਾਂ ਦੇ ਕਲਾਕਾਰਾਂ ਦੀ ਹੈ। ਝੰਡੇ ਦੇ ਗੀਤ ਦੀ ਵਰਕਸ਼ਾਪ ਨੂੰ ਪ੍ਰਧਾਨ ਅਜਮੇਰ ਸਿੰਘ, ਬਲਦੇਵ ਕਿਸ਼ੋਰ, ਗੁਰਮੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ ਬਲਜੀਤ ਬੱਲੀ ਮੇਜਰ ਸਿੰਘ ਨੇ ਸੰਬੋਧਨ ਕਰਦਿਆਂ ਕਲਾਕਾਰਾਂ ਨੂੰ ਮੁਬਾਰਕਬਾਦ ਦਿੱਤੀ।

