, ਚੰਡੀਗੜ੍ਹ :
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਮੁੜ ਸੁਰਜੀਤ )ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ‘ਤੇ ਸਖਤ ਟਿੱਪਣੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਫੇਸ ਬੁੱਕ ਪੇਜ ‘ਤੇ ਲਿਖਿਆ ਹੈ ਕਿ “ਪੰਜਾਬ ਨੇ ਪਹਿਲਾਂ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਹਕਮਰਾਨਾਂ ਦੇ ਰਾਜ ਹੇਠ ਸੰਤਾਪ ਸਿਹਾ ਹੈ। ਜਿਸ ਨੇ ਸਾਡੇ ਸੂਬੇ ਨੂੰ ਦਹਾਕਿਆਂ ਲਈ ਪਿੱਛੇ ਧੱਕਿਆ। ਅੱਜ ਫਿਰ ਰਾਜਾ ਵੜਿੰਗ ਦੇ ਬਿਆਨ ਉਸੇ ਦੌਰ ਦੀ ਸੋਚ ਨੂੰ ਜਗਾਉਂਦੇ ਹਨ। ਜਿੱਥੇ ਅਧਿਕਾਰਾਂ ਦੀ ਥਾਂ ਹੰਕਾਰ ਬੋਲਦਾ ਸੀ। ਰਾਹੁਲ ਗਾਂਧੀ ਸੰਵਿਧਾਨ ਅਤੇ ਨਿਆਂ ਦੀ ਗੱਲ ਕਰਦੇ ਹਨ ਪਰ ਕੀ ਉਹ ਆਪਣੇ ਪੰਜਾਬ ਪ੍ਰਧਾਨ ਦੀ ਤਾਨਾਸ਼ਾਹੀ ਸੋਚ ‘ਤੇ ਵੀ ਨਜ਼ਰ ਮਾਰਣਗੇ? ਜਿਹੜਾ ਜਨਤਕ ਤੌਰ ‘ਤੇ “ਅਪਰਾਧੀਆਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ” ਦੀ ਗੱਲ ਕਰ ਰਿਹਾ ਹੈ। ਕੀ ਇਹ ਲੋਕਤੰਤਰ ਤੇ ਸੰਵਿਧਾਨ ਦੇ ਅਨੁਸਾਰ ਜਾਇਜ਼ ਹੈ? ਜੇ ਇਹ ਹੈ ਪੰਜਾਬ ਦੀ ਮੁੱਖ ਵਿਰੋਧੀ ਧਿਰ ਦੀ ਸੋਚ ਤਾਂ ਇਹ ਸਿਰਫ਼ ਚਿੰਤਾਜਨਕ ਹੀ ਨਹੀਂ, ਖ਼ਤਰਨਾਕ ਵੀ ਹੈ। ਇੱਕ ਪਾਸੇ ਪੰਜਾਬ ਵਿੱਚ ਸਰਕਾਰ ਝੂਠੇ ਮੁਕਾਬਲਿਆਂ ਨੂੰ ਆਪਣਾ ਆਮ ਵਰਤਾਰਾ ਬਣਾ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਜਿਸਨੂੰ ਇਸ ਬੇਇਨਸਾਫ਼ੀ ਲਈ ਸਰਕਾਰ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਸੀ। ਉਹ ਖ਼ੁਦ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾ ਕੇ ਸਰਕਾਰ ਨੂੰ ਹੱਲਾਸ਼ੇਰੀ ਦੇ ਰਹੀ ਹੈ।ਇਹ ਦੋਵੇਂ ਪੱਖਾਂ ਦੀ ਮਿਲੀਭੁਗਤ ਪੰਜਾਬ ਦੇ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ।”

