ਰਾਜਕੋਟ।
ਦੋ ਸਾਲ ਪਹਿਲਾਂ ਅਹਿਮਦਾਬਾਦ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਰਾਜਕੋਟ ਦੇ ਸੋਨੀ ਬਾਜ਼ਾਰ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ। ਇਹ ਤਿੰਨੋਂ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਹੋਏ ਸਨ, ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਸੰਕੇਤ ਮਿਲੇ ਸਨ। ਹੁਣ ਅਦਾਲਤ ਨੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅਹਿਮਦਾਬਾਦ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਦਾ ਸ਼ੱਕ ਅਦਾਲਤ ਵਿੱਚ ਸੱਚ ਸਾਬਤ ਹੋਇਆ। ਰਾਜਕੋਟ ਦੀ ਸਥਾਨਕ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਤਿੰਨੋਂ ਨੌਜਵਾਨ ਮੂਲ ਰੂਪ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ।
ਪੁਲਿਸ ਨੂੰ ਮਿਲੇ ਸਬੂਤ
ਦੋ ਸਾਲ ਪਹਿਲਾਂ ਗੁਜਰਾਤ ਏਟੀਐਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪੱਛਮੀ ਬੰਗਾਲ ਦੇ ਤਿੰਨ ਨੌਜਵਾਨ ਰਾਜਕੋਟ ਦੇ ਸੋਨੀ ਬਾਜ਼ਾਰ ਵਿੱਚ ਮੌਜੂਦ ਹਨ। ਉਹ ਮਜ਼ਦੂਰਾਂ ਦੀ ਆੜ ਵਿੱਚ ਖ਼ਤਰਨਾਕ ਅੱਤਵਾਦੀ ਸੰਗਠਨ ਅਲ-ਕਾਇਦਾ ਨੂੰ ਉਤਸ਼ਾਹਿਤ ਕਰ ਰਹੇ ਸਨ। ਇਸ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਏਟੀਐਸ ਨੇ 31 ਜੁਲਾਈ, 2023 ਨੂੰ ਸੋਨੀ ਬਾਜ਼ਾਰ ਵਿੱਚ ਛਾਪਾ ਮਾਰਿਆ ਤੇ ਰਾਜਕੋਟ ਰੇਲਵੇ ਸਟੇਸ਼ਨ ਤੋਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ।
ਅਦਾਲਤ ‘ਚ ਗੁਨਾਹ ਸਾਬਤ
ਤਿੰਨਾਂ ਮੁਲਜ਼ਮਾਂ ਦੀ ਪਛਾਣ ਅਮਨ ਸਿਰਾਜ ਮਲਿਕ, ਅਬਦੁਲ ਸ਼ਕੁਲ ਅਲੀ ਸ਼ੇਖ ਅਤੇ ਸ਼ਫਨਵਾਜ਼ ਅਬੂਸ਼ਾਹਿਦ ਵਜੋਂ ਹੋਈ। ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਪਿਸਤੌਲ ਅਤੇ ਕਾਰਤੂਸ ਸਮੇਤ ਕਈ ਸਬੂਤ ਬਰਾਮਦ ਕੀਤੇ। ਅਮਨ ਸਿਰਾਜ ਦੇ ਫ਼ੋਨ ‘ਤੇ ਰਾਹ-ਏ-ਹਿਦਾਇਤ ਨਾਮਕ ਇੱਕ ਸਮੂਹ ਮਿਲਿਆ ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ।