ਸ੍ਰੀ ਅਨੰਦਪੁਰ ਸਾਹਿਬ। 
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਤਾਦਾਦ ਵਿੱਚ ਸੰਗਤਾਂ ਦੇ ਆਉਣ ਦੀ ਸੰਭਾਵਨਾ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਤੇ ਪ੍ਰਬੰਧਾਂ ਸਬੰਧੀ ਤਿਆਰੀਆਂ ਜਾਰੀ ਹਨ। ਇਸ ਦੌਰਾਨ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ 22 ਤੋਂ 26 ਨਵੰਬਰ ਤੱਕ ਬਲਾਕ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਬੰਦ ਰਹਿਣਗੇ।ਹਾਲਾਂਕਿ, ਇਸ ਐਲਾਨ ਸਬੰਧੀ ਅਜੇ ਤੱਕ ਸਰਕਾਰ ਵੱਲੋਂ ਕੋਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਿਸ ਕਰਕੇ ਪੂਰੇ ਬਲਾਕ ਵਿੱਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਜਦੋਂ ਇਸ ਸਬੰਧੀ ਡੀ.ਈ.ਓ. ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਉਨ੍ਹਾਂ ਦੇ ਦਫ਼ਤਰ ਨੂੰ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਮਿਲਿਆ। ਉਹਨਾਂ ਕਿਹਾ, “ਅੱਜ ਦੀ ਸਥਿਤੀ ਅਨੁਸਾਰ ਕੱਲ੍ਹ ਸਕੂਲ ਖੁੱਲ੍ਹਣਗੇ ਪਰ ਸਾਨੂੰ ਉਮੀਦ ਹੈ ਕਿ ਅੱਜ ਦੇਰ ਨਾਲ ਨੋਟੀਫਿਕੇਸ਼ਨ ਮਿਲ ਸਕਦਾ ਹੈ। ਜੇ ਨੋਟੀਫਿਕੇਸ਼ਨ ਆ ਗਿਆ ਤਾਂ ਫਿਰ ਸਕੂਲ ਬੰਦ ਕਰਨੇ ਪੈਣਗੇ।” ਇਸਦੇ ਨਾਲ ਹੀ ਇਹ ਵੀ ਦੱਸਣ ਜੋਗ ਹੈ ਕਿ ਕਈ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਮੁਲਾਜ਼ਮਾਂ, ਖ਼ਾਸ ਕਰਕੇ ਪੁਲਿਸ ਕਰਮਚਾਰੀਆਂ ਨੂੰ ਰਹਿਣ ਲਈ ਕਮਰੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਉਹ ਡਿਊਟੀ ਦੌਰਾਨ ਰਾਤ ਨੂੰ ਇੱਥੇ ਆਰਾਮ ਕਰ ਸਕਣ।

