ਜਲੰਧਰ :
ਗੌਤਮ ਨਗਰ ’ਚ ਡਾਇਰੀਆ ਦੇ ਮਾਮਲੇ ਹੁਣ ਰੁਕਦੇ ਹੋਏ ਦਿਖਾਈ ਦੇ ਰਹੇ ਹਨ। ਐਤਵਾਰ ਨੂੰ ਇਲਾਕੇ ਵਿਚ ਕੋਈ ਨਵਾਂ ਡਾਇਰੀਆ ਮਰੀਜ਼ ਰਿਪੋਰਟ ਨਹੀਂ ਹੋਇਆ। ਸਿਵਲ ਹਸਪਤਾਲ ਤੋਂ ਮਰੀਜ਼ਾਂ ਨੂੰ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਦੋ ਮਰੀਜ਼ ਹਸਪਤਾਲ ’ਚ ਦਾਖਲ ਹੋਏ ਸਨ, ਜਿਨ੍ਹਾਂ ਨੂੰ ਐਤਵਾਰ ਨੂੰ ਡਿਸਚਾਰਜ ਕਰ ਦਿੱਤਾ ਗਿਆ। ਪਿਛਲੇ 12 ਦਿਨਾਂ ਦੀ ਗੱਲ ਕਰੀਏ ਤਾਂ ਡਾਇਰੀਆ ਮਰੀਜ਼ਾਂ ਦੀ ਗਿਣਤੀ 193 ਤੱਕ ਪਹੁੰਚ ਚੁੱਕੀ ਹੈ। 77 ਮਰੀਜ਼ ਹਸਪਤਾਲ ਵਿਚ ਦਾਖਲ ਹੋਏ ਸਨ, ਜਿਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਮੈਡੀਕਲ ਟੀਮ ਨੇ 210 ਘਰਾਂ ਦਾ ਸਰਵੇਖਣ ਕੀਤਾ ਪਰ ਕੋਈ ਨਵਾਂ ਮਰੀਜ਼ ਰਿਪੋਰਟ ਨਹੀਂ ਹੋਇਆ। ਇਸ ਸਮੇਂ ਮੈਡੀਕਲ ਟੀਮਾਂ ਉਨ੍ਹਾਂ ਘਰਾਂ ਦਾ ਸਰਵੇਖਣ ਕਰਨ ਵਿਚ ਲੱਗੀ ਹੋਈਆਂ ਹਨ। ਇਨ੍ਹਾਂ ਦਿਨਾਂ ਵਿਚ ਵਿਭਾਗ ਨੇ 15 ਡਾਇਰੀਆ ਦੇ ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ ਚਾਰ ਮਰੀਜ਼ਾਂ ਵਿਚ ਹੈਜ਼ਾ ਪਾਇਆ ਗਿਆ ਸੀ। ਫਿਲਹਾਲ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿਚ ਡਾਇਰੀਆ ਦੇ ਕੇਸ ਆਉਣ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨਾਲ ਨਿਪਟਣ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਸਿਵਲ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਐਤਵਾਰ ਨੂੰ ਕੋਈ ਨਵਾਂ ਮਰੀਜ਼ ਰਿਪੋਰਟ ਨਹੀਂ ਹੋਇਆ ਅਤੇ ਡਾਇਰੀਆ ਰੁਕ ਰਿਹਾ ਹੈ। ਇਸ ਸਮੇਂ ਮੈਡੀਕਲ ਟੀਮਾਂ ਸਰਵੇਖਣ ਕਰਨ ਵਿਚ ਲੱਗੀ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਖੇਤਰ ਦੇ ਲੋਕਾਂ ਨੂੰ ਉਬਾਲ ਕੇ ਪਾਣੀ ਪੀਣ ਲਈ ਜਾਗਰੂਕ ਕੀਤਾ ਹੈ ਤੇ ਮੈਡੀਕਲ ਜਾਂਚ ਕਰਵਾਉਣ ਲਈ ਵੀ ਕਿਹਾ ਹੈ।