ਮਿਰਜ਼ਾਪੁਰ : 
ਚੁਨਾਰ ਰੇਲਵੇ ਸਟੇਸ਼ਨ ਉੱਤੇ ਬੁੱਧਵਾਰ ਨੂੰ ਸਵੇਰ ਵੇਲੇ ਰੇਲ ਲਾਈਨ ਪਾਰ ਕਰਨ ਸਮੇਂ ਨੇਤਾਜੀ ਐਕਸਪ੍ਰੈੱਸ ਰੇਲ ਗੱਡੀ (ਹਾਵੜਾ-ਕਾਲਕਾ ਮੇਲ 12311) ਦੀ ਲਪੇਟ ਵਿਚ ਆਉਣ ਨਾਲ ਸਕੀਆਂ ਭੈਣਾਂ ਸਮੇਤ ਉਨ੍ਹਾਂ ਦੀ ਚਾਚੀ ਤੇ ਚਚੇਰੀ ਭੂਆ ਸਮੇਤ ਛੇ ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ। ਸਾਰੀਆਂ ਔਰਤਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜੀਆਰਪੀ ਤੇ ਆਰਪੀਐੱਫ ਨੇ ਸਾਰੀਆਂ ਲਾਸ਼ਾਂ ਨੂੰ ਇਕੱਠੇ ਕੀਤਾ ਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਇਕ ਲਾਸ਼ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਨੇ ਹਾਦਸੇ ਉੱਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮਰਨ ਵਾਲੀਆਂ ਔਰਤਾਂ ਤੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਇਮਦਾਦੀ ਰਕਮ ਦੇਣ ਦਾ ਐਲਾਨ ਕੀਤਾ ਹੈ।ਜਾਣਕਾਰੀ ਮੁਤਾਬਕ ਸੋਨਭੱਦਰ ਤੋਂ ਆਉਣ ਵਾਲੀ ਗੋਮੋ-ਬਰਵਾਡੀਹ-ਪ੍ਰਯਾਨਗਰਨ ਪੈਸੰਜਰ ਰੇਲ ਗੱਡੀ (13309) ਸਵੇਰੇ ਕਰੀਬ ਸਵਾ ਨੌਂ ਵਜੇ ਪਲੇਟਫਾਰਮ ਨੰਬਰ ਚਾਰ ਉੱਤੇ ਪੁੱਜੀ। ਕਤੱਕ ਦੀ ਪੁੰਨਿਆ ’ਤੇ ਚੁਨਾਰ ਘਾਟ ’ਤੇ ਗੰਗਾ ਇਸ਼ਨਾਨ ਲਈ ਟਰੇਨ ਤੋਂ ਕਰੀਬ ਇਕ ਹਜ਼ਾਰ ਸ਼ਰਧਾਲੂ ਪੁੱਜੇ ਸਨ। ਕੁਝ ਔਰਤਾਂ ਤੇ ਬੱਚੇ ਉਲਟ ਦਿਸ਼ਾ ਵਿਚ ਉਤਰ ਕੇ ਪਲੇਟਫਾਰਮ ਨੰਬਰ ਤਿੰਨ ’ਤੇ ਜਾਣ ਲਈ ਰੇਲ ਲਾਈਨ ਪਾਰ ਕਰਨ ਲੱਗੇ ਸਨ। ਇਸੇ ਦੌਰਾਨਮ ਚੁਨਾਰ ਵਿਚ ਠਹਿਰਾਅ ਨਾ ਹੋਣ ਕਾਰਨ ਕਰੀਬ 100 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘੀ ਨੇਤਾਜੀ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮਿਰਜ਼ਾਪੁਰ ਦੇ ਰਾਜਗੜ੍ਹ ਵਿਚ ਰਹਿਣ ਵਾਲੀਆਂ ਸਕੀਆਂ ਭੈਣਾਂ 17 ਸਾਲਾ ਸ਼ਿਵ ਕੁਮਾਰ, 14 ਸਾਲਾ ਸਾਧਨਾ, ਚਾਚੀ ਸਵਿਤਾ ਦੇਵੀ ਤੇ ਚਚੇਰੀ ਭੂਆ ਅੰਜੂ ਦੇਵੀ ਦੇ ਨਾਲ ਸੋਨਭੱਦਰ ਦੇ ਬਸਵਾ ਦੀ ਨਿਵਾਸੀ ਕਲਾਵਤੀ ਤੇ ਇਕ ਅਣਪਛਾਤੀ ਔਰਤ ਸ਼ਰਧਾਲੂ ਦੀ ਮੌਤ ਹੋ ਗਈ। ਇੱਕੋ ਵੇਲੇ ਕਈ ਲਾਸ਼ਾਂ ਪਈਆਂ ਦੇਖ ਕੇ ਪਲੇਟਫਾਰਮ ’ਤੇ ਮੌਜੂਦ ਲੋਕ ਸਹਿਮ ਗਏ। ਸਟੈਂਪ ਟੈਕਸ ਰਾਜ ਮੰਤਰੀ ਰਵਿੰਦਰ ਜਾਇਸਵਾਲ, ਸਮਾਜ ਭਲਾਈ ਰਾਜ ਮੰਤਰੀ ਸੰਜੀਵ ਕੁਮਾਰ ਗੌਂਡ ਤੇ ਉੱਤਰ ਮੱਧ ਰੇਲਵੇ ਦੇ ਜੀਐੱਮ ਨਰੇਸ਼ਪਾਲ ਸਿੰਘ ਤੇ ਡੀਆਰਐੱਮ ਰਜਨੀਸ਼ ਅੱਗਰਵਾਲ ਮੌਕੇ ’ਤੇ ਪੁੱਜੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣਦੀ ਹਦਾਇਤ ਕੀਤੀ ਹੈ।

