ਆਦਮਪੁਰ :
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ’ਤੇ ਅੱਜ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਪਾਰਟੀ ਦੇ ਜੇਤੂ ਉਮੀਦਵਾਰਾਂ ਸਮੇਤ ਸਮੂਹ ਅਹੁਦੇਦਾਰ ਤੇ ਪਾਰਟੀ ਵਰਕਰਾਂ ਵੱਲੋਂ ਸਥਾਨਕ ਗਾਜੀਪੁਰ ਸਕੂਲ ਨਜ਼ਦੀਕ ਤੋਂ ਰੋਡ ਸ਼ੋਅ ਕਰ ਕੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਲਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ’ਚੋਂ ਚਾਰ ਤੇ ਬਲਾਕ ਸੰਮਤੀ ਦੀਆਂ 25 ’ਚੋਂ 19 ਸੀਟਾਂ ’ਤੇ ਜਿੱਤ ਦਰਜ ਕਰ ਕੇ ਆਮ ਆਦਮੀ ਪਾਰਟੀ ਨੇ ਹਲਕੇ ’ਚ ਆਪਣੀ ਮਜ਼ਬੂਤ ਪਕੜ ਦਿਖਾਈ ਹੈ ਤੇ ਇਸ ਵੱਡੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਅੰਦਰ ਵੀ ਵੱਡਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਇਸ ਵੱਡੀ ਜਿੱਤ ਦਾ ਸਿਹਰਾ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਵੱਡਾ ਫਤਵਾ ਸਾਬਿਤ ਕੀਤਾ ਹੈ ਕਿ ਸਾਰੇ ਲੋਕ ਆਮ ਆਦਮੀ ਪਾਰਟੀ ਦੀਆਂ ਵਿਕਾਸ ਮੁਖੀ ਯੋਜਨਾਵਾਂ ਤੇ ਪਾਰਦਰਸ਼ੀ ਪ੍ਰਸ਼ਾਸਨ ਤੋਂ ਕਾਫੀ ਖੁਸ਼ ਹਾਂ ਤੇ ਸਰਕਾਰ ਦੇ ਵਿਕਾਸ ਮੁਖੀ ਚਾਰ ਸਾਲ ਪੂਰੇ ਹੋਣ ’ਤੇ ਇਸ ਵੱਡੀ ਜਿੱਤ ਨੇ ਵਿਖਾ ਦਿੱਤਾ ਹੈ ਕਿ ਲੋਕ ਸਰਕਾਰ ਦੇ ਨਾਲ ਹਨ।

