ਚੰਡੀਗੜ੍ਹ :
ਹਰਿਆਣਾ ਕੈਡਰ ਦੇ 2001 ਬੈਚ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਰਹਾਇਸ਼ ‘ਚ ਰਹੱਸਮਈ ਹਾਲਾਤ ‘ਚ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਉਨ੍ਹਾਂ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ ਹੈ। ਘਟਨਾ ਦੀ ਖਬਰ ਮਿਲਦਿਆਂ ਹੀ ਚੰਡੀਗੜ੍ਹ ਦੇ ਐਸਐਸਪੀ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਈ ਪੂਰਨ ਕੁਮਾਰ ਇਸ ਵੇਲੇ ਪੀਟੀਸੀ ਸੁਨਾਰੀਆ (ਰੋਹਤਕ) ‘ਚ ਆਈਜੀ ਦੇ ਅਹੁਦੇ ‘ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਆਈਜੀ ਰੋਹਤਕ ਰਹਿ ਚੁੱਕੇ ਹਨ, ਪਰ ਇਸ ਅਹੁਦੇ ‘ਤੇ ਉਨ੍ਹਾਂ ਦੀ ਤਾਇਨਾਤੀ ਲੰਬਾ ਸਮਾਂ ਨਹੀਂ ਰਹੀ। ਉਨ੍ਹਾਂ ਦਾ ਨਾਂ ਕਈ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਹਰਿਆਣਾ ਦੇ ਮੌਜੂਦਾ ਡੀਜੀਪੀ ਸ਼ਤਰੂਜੀਤ ਕਪੂਰ, ਸਾਬਕਾ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਅਤੇ ਸਾਬਕਾ ਡੀਜੀਪੀ ਮਨੋਜ ਯਾਦਵ ਨਾਲ ਉਨ੍ਹਾਂ ਦਾ ਕਈ ਵਾਰ ਵਿਵਾਦ ਹੋ ਚੁੱਕਾ ਸੀ। ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਵਾਈ ਪੂਰਨ ਕੁਮਾਰ ਨੇ ਤੱਤਕਾਲੀ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਆਈਏਐਸ ਅਧਿਕਾਰੀ ਜਾਤੀਵਾਦੀ ਦੇ ਆਧਾਰ ‘ਤੇ ਅਫ਼ਸਰਾਂ ਨਾਲ ਭੇਦਭਾਵ ਕਰ ਰਹੇ ਹਨ। ਵਾਈ ਪੂਰਨ ਕੁਮਾਰ ਨੇ 2022 ‘ਚ ਤੱਤਕਾਲੀ ਗ੍ਰਹਿ ਸਕੱਤਰ ਰਾਜੀਵ ਅਰੋੜਾ ‘ਤੇ ਵੀ ਦੋਸ਼ ਲਾਇਆ ਸੀ ਕਿ ਉਹ ਸਾਬਕਾ ਡੀਜੀਪੀ ਮਨੋਜ ਯਾਦਵ ਦੇ ਪੱਖ ‘ਚ ਪੱਖਪਾਤੀ ਜਾਂਚ ਰਿਪੋਰਟ ਦੇ ਰਹੇ ਹਨ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਗਿਆ ਸੀ। ਉਨ੍ਹਾਂ ਨੇ ਨੌ ਆਈਪੀਐਸ ਅਧਿਕਾਰੀਆਂ ਵੱਲੋਂ ਦੋ–ਦੋ ਸਰਕਾਰੀ ਘਰਾਂ ‘ਤੇ ਕਬਜ਼ੇ ਦਾ ਮਾਮਲਾ ਵੀ ਉਜਾਗਰ ਕੀਤਾ ਸੀ ਜਿਸ ਤੋਂ ਬਾਅਦ ਘਰ ਖਾਲੀ ਕਰਵਾ ਕੇ ਜੁਰਮਾਨਾ ਵੀ ਵਸੂਲਿਆ ਗਿਆ ਸੀ। ਚੰਡੀਗੜ੍ਹ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਾਈ ਪੂਰਨ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ। ਉਨ੍ਹਾਂ ਦੀ ਧੀ ਨੂੰ ਇਹ ਰਿਵਾਲਵਰ ਘਰ ਦੀ ਬੇਸਮੈਂਟ ‘ਚ ਮਿਲੀ। ਬੇਸਮੈਂਟ ਸਾਊਂਡ-ਪਰੂਫ ਹੋਣ ਕਰਕੇ ਗੋਲ਼ੀ ਦੀ ਆਵਾਜ਼ ਬਾਹਰ ਨਹੀਂ ਸੁਣਾਈ ਦਿੱਤੀ। ਕਾਫੀ ਸਮੇਂ ਬਾਅਦ ਜਦੋਂ ਧੀ ਹੇਠਾਂ ਗਈ ਤਾਂ ਉਸਨੇ ਪਿਤਾ ਦੀ ਦੇਹ ਤੇ ਨਾਲ ਹੀ ਰਿਵਾਲਵਰ ਪਈ ਦੇਖੀ। ਵਾਈ ਪੂਰਨ ਕੁਮਾਰ ਦੀ ਪਤਨੀ ਪੀ. ਅਮਨੀਤ ਕੁਮਾਰ ਵੀ ਹਰਿਆਣਾ ਕੈਡਰ ਦੀ ਸੀਨੀਅਰ ਆਈਏਐਸ ਅਧਿਕਾਰੀ ਹਨ। ਉਹ ਇਸ ਵੇਲੇ ਵਿਦੇਸ਼ ਸਹਿਯੋਗ ਵਿਭਾਗ ‘ਚ ਕਮਿਸ਼ਨਰ ਤੇ ਸਕੱਤਰ ਹਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਜਪਾਨ ਦੌਰੇ ‘ਤੇ ਹਨ। ਮੁੱਖ ਮੰਤਰੀ ਦੀ ਅਗਵਾਈ ਵਾਲੀ ਇਹ ਟੀਮ 8 ਅਕਤੂਬਰ ਦੀ ਰਾਤ ਦਿੱਲੀ ਵਾਪਸ ਆਉਣੀ ਹੈ।