2 ਪਿਸਤੌਲ ਅਤੇ 7 ਕਾਰਤੂਸ ਬਰਾਮਦ, ਤਸਕਰ ਨੇ ਯੂਪੀ ਤੋਂ ਮੰਗਵਾਏ ਸਨ ਹਥਿਆਰ
ਚੰਡੀਗੜ੍ਹ
: ਚੰਡੀਗੜ੍ਹ ਵਿਚ ਅਪਰਾਧ ਸ਼ਾਖਾ ਨੇ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਦੋ ਪਿਸਤੌਲ ਅਤੇ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25/54/59 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਵਿੰਦਰ ਸਿੰਘ ਉਰਫ਼ ਨੋਨੂ, ਮੰਟੂ ਵਾਸੀ ਮੋਹਾਲੀ ਅਤੇ ਪਵਨ ਵਾਸੀ ਇੰਦਰਾ ਕਲੋਨੀ ਵਜੋਂ ਹੋਈ ਹੈ। ਇਸ ਦੌਰਾਨ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮ ਪਹਿਲਾਂ ਵੀ ਜੇਲ ਜਾ ਚੁੱਕਾ ਹੈ ਅਤੇ ਉਹ ਅਕਸਰ ਗੈਂਗਸਟਰ ਕਾਲੀ ਨੂੰ ਮਿਲਦਾ ਸੀ। ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਦਿਨੇਸ਼ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ‘ਤੇ ਸਨ ਉਦੋਂ ਉਨ੍ਹਾਂ ਨੂੰ ਕਿਸ਼ਨਗੜ੍ਹ ਚੌਕ ਨੇੜੇ ਸੂਚਨਾ ਮਿਲੀ ਕਿ ਮਨੀਮਾਜਰਾ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਪਵਨ ਨਾਮ ਦਾ ਇੱਕ ਨੌਜਵਾਨ ਇੱਕ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਲੈ ਕੇ ਆ ਰਿਹਾ ਹੈ। ਪੁਲਿਸ ਨੇ ਆਈਟੀ ਪਾਰਕ ਵਿੱਚ ਟੈਕ ਮਹਿੰਦਰਾ ਰੋਡ ਦੇ ਨੇੜੇ ਇੱਕ ਨਾਕਾ ਲਗਾਇਆ ਅਤੇ ਸਵੇਰੇ 6:35 ਵਜੇ ਦੇ ਕਰੀਬ ਪਵਨ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ‘ਤੇ ਉਸ ਦੇ ਅੰਡਰਪੈਂਟ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ (8mm KF ਬ੍ਰਾਂਡ) ਮਿਲਿਆ। ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ, ਦੋਸ਼ੀ ਪਵਨ ਨੇ ਖੁਲਾਸਾ ਕੀਤਾ ਕਿ ਉਸ ਨੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਅਭਿਸ਼ੇਕ ਨਾਮਕ ਵਿਅਕਤੀ ਤੋਂ 2 ਹਥਿਆਰ ਖਰੀਦੇ ਸਨ। ਉਸ ਨੇ ਆਪਣੇ ਦੋਸਤ ਨੋਨੂ ਰਾਹੀਂ ਸੈਕਟਰ-17, ਚੰਡੀਗੜ੍ਹ ਦੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਨੂੰ ਇੱਕ ਹਥਿਆਰ ਅਤੇ ਚਾਰ ਕਾਰਤੂਸ ਵੇਚੇ ਸਨ, ਜਦੋਂ ਕਿ ਉਸ ਨੇ ਦੂਜਾ ਹਥਿਆਰ ਅਤੇ ਇੱਕ ਕਾਰਤੂਸ ਆਪਣੇ ਕੋਲ ਰੱਖਿਆ ਸੀ।