ਅੰਮ੍ਰਿਤਸਰ :
ਕਾਊਂਟਰ ਇੰਟੈਲੀਜੈਂਸ ਨੇ ਸ਼ੁੱਕਰਵਾਰ ਸ਼ਾਮ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਇਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਛੇ ਵਿਦੇਸ਼ੀ ਪਿਸਤੌਲ, ਇਕ ਕਿੱਲੋ ਹੈਰੋਇਨ ਤੇ ਛੇ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਤੇ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ’ਚ ਬੈਠੇ ਤਸਕਰਾਂ ਦੇ ਸੰਪਰਕ ਵਿਚ ਸਨ। ਇਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਮੋਬਾਈਲ ਨੇ ਕਈ ਰਾਜ਼ ਉਜਾਗਰ ਕੀਤੇ ਹਨ। ਉਨ੍ਹਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਵਾਸੀ ਪਿੰਡ ਭਿੱਟੇਵੱਡ, ਅੰਮ੍ਰਿਤਪਾਲ ਸਿੰਘ ਵਾਸੀ ਰੰਗਗੜ੍ਹ, ਗੁਰਵਿੰਦਰ ਸਿੰਘ ਵਾਸੀ ਬੋਪਾਰਾਏ, ਅਮਨਦੀਪ ਸਿੰਘ ਤੇ ਹਰਕੀਰਤ ਸਿੰਘ ਵਾਸੀ ਮਨਸੂਰਾ ਲੁਧਿਆਣਾ ਵਜੋਂ ਕੀਤੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਮੁਲਜ਼ਮ ਹਥਿਆਰ ਤੇ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਇਸ ਆਧਾਰ ‘ਤੇ ਪੁਲਿਸ ਨੇ ਸੜਕ ‘ਤੇ ਨਾਕਾਬੰਦੀ ਕਰ ਕੇ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ‘ਚੋਂ ਛੇ ਨੌਂ ਐੱਮਐੱਮ ਗਲੌਕ ਪਿਸਤੌਲ, ਇਕ ਕਿੱਲੋ ਹੈਰੋਇਨ ਤੇ ਛੇ ਲੱਖ ਡਰੱਗ ਮਨੀ ਬਰਾਮਦ ਕੀਤੀ ਗਈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਸਵਿਫਟ ਕਾਰ, ਹਾਂਡਾ ਇਮੇਜ ਕਾਰ, ਇਕ ਬਾਈਕ ਵੀ ਬਰਾਮਦ ਕੀਤੀ ਗਈ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ‘ਤੇ ਹਥਿਆਰਾਂ ਤੇ ਹੈਰੋਇਨ ਦੀ ਇਕ ਖੇਪ ਸੁੱਟੀ ਗਈ ਸੀ। ਮੁਲਜ਼ਮਾਂ ਨੇ ਇਹ ਹਥਿਆਰ ਪੰਜਾਬ ਦੇ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਸਪਲਾਈ ਕਰਨੇ ਸਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਹਰਕੀਰਤ ਸਿੰਘ ਇਕ ਹਵਾਲਾ ਆਪਰੇਟਰ ਹੈ ਤੇ ਉਹ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਤੋਂ ਇਕੱਠੇ ਕੀਤੇ ਪੈਸੇ ਨੂੰ ਹਵਾਲਾ ਰਾਹੀਂ ਵਿਦੇਸ਼ ਭੇਜਦਾ ਸੀ।