ਨਵੀਂ ਦਿੱਲੀ : 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਦਾ ਪਤਾ ਬਹੁਤ ਜਲਦ ਬਦਲਣ ਵਾਲਾ ਹੈ। ਨਵੇਂ ਦਫ਼ਤਰ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਮੀਦ ਹੈ ਕਿ ਇਸੇ ਮਹੀਨੇ ਦਫ਼ਤਰ ਉੱਥੇ ਸ਼ਿਫਟ ਹੋ ਸਕਦਾ ਹੈ।ਦਰਅਸਲ, ਪ੍ਰਧਾਨ ਮੰਤਰੀ ਦਫ਼ਤਰ (PMO), ਕੈਬਨਿਟ ਸਕੱਤਰੇਤ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਨੂੰ ਵਿਜੇ ਚੌਕ ਦੇ ਨੇੜੇ ਰਾਏਸੀਨਾ ਹਿਲ ਦੇ ਹੇਠਾਂ ‘ਸੇਵਾ ਤੀਰਥ ਕੰਪਲੈਕਸ’ ਵਿੱਚ ਬਣਾਇਆ ਗਿਆ ਹੈ। ਇਸ ਵਿੱਚ ਤਿੰਨ ਹਾਈ-ਟੈਕ ਇਮਾਰਤਾਂ ਹਨ, ਜਿਨ੍ਹਾਂ ਨੂੰ ਸੇਵਾ ਤੀਰਥ 1, ਸੇਵਾ ਤੀਰਥ 2 ਅਤੇ ਸੇਵਾ ਤੀਰਥ 3 ਦਾ ਨਾਂ ਦਿੱਤਾ ਗਿਆ ਹੈ।
ਸੇਵਾ ਤੀਰਥ 1: ਪ੍ਰਧਾਨ ਮੰਤਰੀ ਦਫ਼ਤਰ (PMO)
ਸੇਵਾ ਤੀਰਥ 2: ਕੈਬਨਿਟ ਸਕੱਤਰੇਤ (ਇਹ ਪਹਿਲਾਂ ਹੀ ਸ਼ਿਫਟ ਹੋ ਚੁੱਕਾ ਹੈ)
ਸੇਵਾ ਤੀਰਥ 3: ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ (ਇੱਥੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਬੈਠਣਗੇ)
ਸੈਂਟਰਲ ਵਿਸਟਾ ਪ੍ਰੋਜੈਕਟ
ਇਹ ਸਭ ਕੁਝ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਨਵੀਂ ਸੰਸਦ ਭਵਨ ਅਤੇ ਉਪ-ਰਾਸ਼ਟਰਪਤੀ ਐਨਕਲੇਵ ਪਹਿਲਾਂ ਹੀ ਤਿਆਰ ਹੋ ਚੁੱਕੇ ਹਨ। ਇਸ ਤੋਂ ਇਲਾਵਾ, ਮੰਤਰਾਲਿਆਂ ਲਈ ਅੱਠ ਨਵੇਂ ‘ਕਰਤੱਵ ਭਵਨ’ ਬਣਨੇ ਹਨ, ਜਿਨ੍ਹਾਂ ਵਿੱਚੋਂ ਤਿੰਨ ਤਿਆਰ ਹਨ ਅਤੇ ਕਈ ਮੰਤਰਾਲੇ ਉੱਥੇ ਸ਼ਿਫਟ ਵੀ ਹੋ ਚੁੱਕੇ ਹਨ। ਸੰਭਾਵਨਾ ਹੈ ਕਿ ਇਸੇ ਮਹੀਨੇ PMO ਵੀ ਇੱਥੇ ਸ਼ਿਫਟ ਹੋ ਜਾਵੇਗਾ। ਨਵੇਂ PMO ਨੂੰ ਪਹਿਲਾਂ ‘ਐਗਜ਼ੀਕਿਊਟਿਵ ਐਨਕਲੇਵ’ ਦਾ ਨਾਂ ਦਿੱਤਾ ਗਿਆ ਸੀ, ਪਰ ਦਸੰਬਰ ਵਿਚ ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਦਾ ਨਾਂ ਬਦਲ ਕੇ ‘ਸੇਵਾ ਤੀਰਥ ਕੰਪਲੈਕਸ’ ਰੱਖਿਆ ਜਾ ਰਿਹਾ ਹੈ। ਉਸੇ ਸਮੇਂ ਦੇਸ਼ ਭਰ ਦੇ ਰਾਜ ਭਵਨਾਂ ਦਾ ਨਾਂ ਬਦਲ ਕੇ ‘ਲੋਕ ਭਵਨ’ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਸੇਵਾ ਤੀਰਥ ਦੇ ਬਿਲਕੁਲ ਨਾਲ ਹੀ ਪ੍ਰਧਾਨ ਮੰਤਰੀ ਨਿਵਾਸ (PM House) ਦਾ ਨਿਰਮਾਣ ਵੀ ਹੋ ਰਿਹਾ ਹੈ। ਇਸ ਦੇ ਬਣ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘7 ਲੋਕ ਕਲਿਆਣ ਮਾਰਗ’ ਤੋਂ ਸ਼ਿਫਟ ਹੋ ਕੇ ਸੇਵਾ ਤੀਰਥ ਦੇ ਨਾਲ ਹੀ ਹੋ ਜਾਵੇਗੀ । ਸੇਵਾ ਤੀਰਥ ‘ਚ ਮਹਿਮਾਨਾਂ ਨਾਲ ਮੁਲਾਕਾਤ ਕਰਨ ਲਈ ਅਤਿ-ਆਧੁਨਿਕ ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਮਿਲਦੀ ਹੈ। ਇੱਥੇ ਕੈਬਨਿਟ ਮੀਟਿੰਗਾਂ ਲਈ ਵੀ ਇਕ ਖ਼ਾਸ ਹਾਲ ਬਣਾਇਆ ਗਿਆ ਹੈ। ਨਵੇਂ PMO ‘ਚ ਵੀ ਜ਼ਿਆਦਾਤਰ ਅਧਿਕਾਰੀਆਂ ਦੇ ਬੈਠਣ ਲਈ ‘ਓਪਨ ਫਲੋਰ’ ਹੋਵੇਗਾ, ਜਿਵੇਂ ਕਿ ਕਰਤੱਵ ਭਵਨਾਂ ‘ਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਸਾਊਥ ਬਲਾਕ ਵਿੱਚ ਰਿਹਾ ਹੈ, ਜਿੱਥੇ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਵੀ ਕੰਮ ਕਰਦੇ ਆਏ ਹਨ। ਦੂਜੇ ਪਾਸੇ, ਨਾਰਥ ਬਲਾਕ ‘ਚ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਸਨ, ਜਿਨ੍ਹਾਂ ਨੂੰ ਹੁਣ ਕਰਤੱਵ ਭਵਨ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਅੰਗਰੇਜ਼ਾਂ ਵੱਲੋਂ ਬਣਾਏ ਗਏ ਨਾਰਥ ਅਤੇ ਸਾਊਥ ਬਲਾਕ ਵਿਚ ਹੁਣ ‘ਯੁਗੇ ਯੁਗੀਨ ਭਾਰਤ ਮਿਊਜ਼ੀਅਮ’ ਬਣਾਇਆ ਜਾਵੇਗਾ।

