ਜਲੰਧਰ : 
ਪੰਥਕ ਵਿਦਵਾਨ ਜਥੇਦਾਰ ਇੰਦਰਪਾਲ ਸਿੰਘ ਦੇ ਪੋਤੇ ਤੇ ਪੰਥ ਪ੍ਰਚਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਦੇ ਪੁੱਤਰ ਸਵਰਣਜੀਤ ਸਿੰਘ ਖ਼ਾਲਸਾ ਅਮਰੀਕਾ ਦੇ ਕਨੈਕਟਿਕਟ ਸੂਬੇ ’ਚ ਹੁਣੇ ਹੋਈਆਂ ਨਗਰ ਪਾਲਿਕਾ ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕੇ ਮੋਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਜਲੰਧਰ ਮੂਲ ਦੇ ਸਵਰਣਜੀਤ ਦੀ ਇਸ ਜਿੱਤ ਨਾਲ ਪੰਜਾਬ ਦਾ ਨਾਂ ਰੋਸ਼ਨ ਹੋਇਆ ਹੈ। ਆਪਣੇ ਸ਼ਹਿਰ ਦੇ ਨਾਲ-ਨਾਲ ਸਵਰਣਜੀਤ ਸਿੰਘ ਨੇ ਨਿਊ ਬ੍ਰਿਟੇਨ, ਬ੍ਰੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ’ਤੇ ਵੀ ਆਪਣੀ ਪਾਰਟੀ ਦੀ ਜਿੱਤ ਦਾ ਝੰਡਾ ਝੁਲਾਇਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਖ਼ਾਲਸਾ ਨੇ ਰਿਪਬਲਿਕਨ ਤੋਂ ਟ੍ਰੇਸੀ ਗੋਲਡ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਨਾਰਵਿਚ ਇਕ ਅਜਿਹਾ ਸ਼ਹਿਰ ਹੈ ਜਿੱਥੇ ਡੈਮਕ੍ਰੋਟਸ ਦੀ ਗਿਣਤੀ ਰਿਪਬਲਿਕਨ ਦੇ ਮੁਕਾਬਾਲੇ ਦੁੱਗਣੀ ਹੈ। ਸਵਰਣਜੀਤ ਨੇ ਨਾ ਸਿਰਫ਼ ਪੰਜਾਬੀਆਂ ਬਲਕਿ ਏਸ਼ੀਆਈ ਭਾਈਚਾਰੇ ਦੇ ਲੋਕਾਂ, ਭਾਰਤੀ ਪਰਿਵਾਰਾਂ ਤੇ ਅਮਰੀਕੀ ਵੋਟਰਾਂ ਦੇ ਵੀ ਵੋਟ ਹਾਸਲ ਕੀਤੇ ਹਨ। ਨਵੰਬਰ 84 ਦੇ ਸਿੱਖ ਕਤਲੇਆਮ ਦੌਰਾਨ ਪਰਿਵਾਰ ਸਮੇਤ ਪੰਜਾਬ ’ਚ ਆ ਕੇ ਵਸੇ ਖ਼ਾਲਸਾ ਪਰਿਵਾਰ ਦੇ ਸਵਰਣਜੀਤ ਸਿੰਘ 2007 ’ਚ ਅਮਰੀਕਾ ਦੇ ਨਾਰਵਿਚ ਗਏ ਸਨ। ਇੱਥੇ ਉਨ੍ਹਾਂ ਨੇ ਇਕ ਗੈਸ ਸਟੇਸ਼ਨ ਚਲਾਉਣ ਦੇ ਨਾਲ-ਨਾਲ ਰੀਅਲ ਅਸਟੇਟ ਕਾਰੋਬਾਰ ਕੀਤਾ। 2021 ’ਚ ਉਹ ਨਾਰਵਿਚ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਕਨੈਕਟਿਕ ਸਿੱਖ ਸਨ। ਕੌਂਸਲ ਲਈ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਉੱਥੇ ਸਭਿਆਚਾਰਕ ਜਾਗਰੂਕਤਾ ਸਬੰਧੀ ਕਈ ਪ੍ਰੋਗਰਾਮ ਚਲਾਏ। ਸਕੂਲਾਂ ’ਚ ਸਿੱਖ ਧਰਮ ਤੇ ਸਿੱਖ ਇਤਿਹਾਸ ਨਾਲ ਸਬੰਧਤ ਲੈਕਚਰ ਦੇ ਕੇ ਸਥਾਨਕ ਲੋਕਾਂ ਨੂੰ ਇਸ ਬਾਰੇ ਜਗੂਰਕ ਕੀਤਾ। ਨਿਆਂ, ਸਿੱਖਿਆ ’ਚ ਬਰਾਬਰੀ, ਸਿੱਖ ਬੱਚਿਆਂ ਲਈ ਦਸਤਾਰ ਦੇ ਅਧਿਕਾਰ ਦੀ ਲੜਾਈ ਲੜੀ। ਨਫ਼ਰਤੀ ਅਪਰਾਧਾਂ ਖ਼ਿਲਾਫ਼ ਮੁਹਿੰਮ ਚਲਾਈ। ਉਨ੍ਹਾਂ ਨੇ ਭਾਰਤੀ ਪਰਿਵਾਰਾਂ ਨਾਲ ਸੰਪਰਕ ਕੀਤਾ, ਏਸ਼ੀਆ ਲੋਕਾਂ ਨਾਲ ਹੱਥ ਮਿਲਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਲਈ ਆਵਾਜ਼ ਉਠਾਈ ਤੇ ਉਨ੍ਹਾਂ ਦਾ ਹੱਲ ਕੀਤਾ। ਸਥਾਨਕ ਪੱਧਰ ਦੇ ਵਿਕਾਸ ਕਾਰਜ ਕਰਵਾਏ। ਇਸ ਕਾਰਨ ਸਵਰਣਜੀਤ ਨੇ ਲੋਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾ ਲਈ। ਇਸੇ ਕਾਰਨ ਉਨ੍ਹਾਂ ਨੂੰ ਵੱਡੀ ਜਿੱਤ ਮਿਲੀ ਹੈ।

